ਜਲੰਧਰ ਦੇ SSP ਹਰਕਮਲਪ੍ਰੀਤ ਖੱਖ ਐਕਸ਼ਨ ਮੋਡ 'ਚ, 5 ਪੁਲਿਸ ਮੁਲਾਜ਼ਮ ਮੁਅੱਤਲ
ਜਲੰਧਰ ਦਿਹਾਤੀ ਪੁਲਸ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਾਰਵਾਈ ਕਰਦੇ ਹੋਏ 5 ਪੁਲਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਸਾਰੇ ਅਧਿਕਾਰੀ ਵੱਖ-ਵੱਖ ਥਾਣਿਆਂ ਚ ਤਾਇਨਾਤ ਸਨ। ਇਹ ਕਾਰਵਾਈ ਇਨ੍ਹਾਂ ਪੁਲਸ ਅਧਿਕਾਰੀਆਂ ਵੱਲੋਂ ਆਪਣੇ ਕੰਮ ਵਿੱਚ ਲਾਪਰਵਾਹੀ ਵਰਤਣ ਕਾਰਨ ਕੀਤੀ ਗਈ ਹੈ। ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿੱਚ ਏਐਸਆਈ ਰਾਜਿੰਦਰ ਕੁਮਾਰ, ਏਐਸਆਈ ਅਵਤਾਰ ਸਿੰਘ, ਏਐਸਆਈ/ਐਲਆਰ ਜਸਵਿੰਦਰ ਸਿੰਘ, ਕਾਂਸਟੇਬਲ ਬਿਕਰਮਜੀਤ ਸਿੰਘ ਅਤੇ ਸੀਨੀਅਰ ਕਾਂਸਟੇਬਲ ਭੁਪਿੰਦਰ ਸਿੰਘ ਸ਼ਾਮਲ ਹਨ।
ਬਿਲਕੁਲ ਬਰਦਾਸ਼ ਨਹੀਂ ਕੀਤੀ ਜਾਵੇਗੀ ਲਾਪਰਵਾਹੀ
ਐਸਐਸਪੀ ਖੱਖ ਨੇ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਦੀ ਡਿਊਟੀ ਵਿੱਚ ਅਣਗਹਿਲੀ ਕਾਰਨ ਲੋਕਾਂ ਵਿੱਚ ਅਸੰਤੁਸ਼ਟੀ ਅਤੇ ਸ਼ਿਕਾਇਤਾਂ ਵਧੀਆਂ ਹਨ। ਵਿਭਾਗ ਨੇ ਸਖ਼ਤ ਕਾਰਵਾਈ ਕਰਦਿਆਂ ਇਨ੍ਹਾਂ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਲਾਪ੍ਰਵਾਹੀ ਬਿਲਕੁਲ ਬਰਦਾਸ਼ ਨਹੀਂ ਕੀਤੀ ਜਾਵੇਗੀ ਅਤੇ ਪੁਲਸ ਦੀ ਜਵਾਬ ਦੇਹੀ ਯਕੀਨੀ ਬਣਾਈ ਜਾਵੇਗੀ।
ਇਨ੍ਹਾਂ ਕਾਰਨਾਂ ਕਰਕੇ ਕੀਤਾ ਗਿਆ ਮੁਅੱਤਲ
ਅਲਾਵਲਪੁਰ ਚੌਕੀ ਦੇ ਇੰਚਾਰਜ ਏ.ਐਸ.ਆਈ ਰਜਿੰਦਰ ਕੁਮਾਰ ਖਿਲਾਫ ਐਨ.ਡੀ.ਪੀ.ਐਸ ਐਕਟ ਨਾਲ ਸਬੰਧਤ ਇੱਕ ਅਹਿਮ ਮਾਮਲੇ ਦੀ ਜਾਂਚ ਵਿੱਚ ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ ਕਾਰਵਾਈ ਕੀਤੀ ਗਈ ਹੈ। ਅਜਿਹੀਆਂ ਸ਼ਿਕਾਇਤਾਂ ਸਨ ਕਿ ਉਨ੍ਹਾਂ ਨੇ ਕੇਸ ਵਿੱਚ ਸਹੀ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ, ਜਿਸ ਕਾਰਨ ਜਾਂਚ ਵਿੱਚ ਦੇਰੀ ਹੋਈ ਅਤੇ ਲੋਕਾਂ ਵਿੱਚ ਅਸੰਤੁਸ਼ਟੀ ਪੈਦਾ ਹੋਈ।
ਇਸ ਦੌਰਾਨ ਥਾਣਾ ਲੋਹੀਆਂ ਵਿੱਚ ਤਾਇਨਾਤ ਏਐਸਆਈ ਅਵਤਾਰ ਸਿੰਘ ਨੂੰ ਪਿੰਡ ਪਿੱਪਲੀ ਵਿੱਚ ਜ਼ਮੀਨੀ ਝਗੜੇ ਨੂੰ ਨਜ਼ਰਅੰਦਾਜ਼ ਕਰਨ ਅਤੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਨੂੰ ਸਹੀ ਢੰਗ ਨਾਲ ਨਾ ਸੰਭਾਲਣ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ। ਡੀ.ਐਸ.ਪੀ ਸ਼ਾਹਕੋਟ ਵੱਲੋਂ ਕੀਤੀ ਪੜਤਾਲ ਵਿੱਚ ਇਹ ਦੋਸ਼ੀ ਪਾਏ ਗਏ। ਉਸਨੇ ਸਮੇਂ ਸਿਰ ਉੱਚ ਅਧਿਕਾਰੀਆਂ ਨੂੰ ਸੂਚਿਤ ਨਹੀਂ ਕੀਤਾ ਅਤੇ ਰੋਕਥਾਮ ਕਾਰਵਾਈ ਕਰਨ ਵਿੱਚ ਅਸਫਲ ਰਿਹਾ।
ਥਾਣਾ ਭੋਗਪੁਰ 'ਚ ਤਾਇਨਾਤ ਏ.ਐਸ.ਆਈ ਜਸਵਿੰਦਰ ਸਿੰਘ ਨੂੰ ਵਿਵਾਦਤ ਮਾਮਲੇ 'ਚ ਵਿਰੋਧੀ ਧਿਰ 'ਤੇ ਨਾਜਾਇਜ਼ ਦਬਾਅ ਪਾਉਣ ਦੇ ਦੋਸ਼ 'ਚ ਮੁਅੱਤਲ ਕਰ ਦਿੱਤਾ ਗਿਆ, ਜਿਸ ਨਾਲ ਸਥਿਤੀ ਹੋਰ ਵਿਗੜ ਗਈ। ਡੀਐਸਪੀ ਆਦਮਪੁਰ ਦੀ ਜਾਂਚ ਵਿੱਚ ਉਹ ਦੋਸ਼ੀ ਪਾਇਆ ਗਿਆ। ਕਾਂਸਟੇਬਲ ਬਿਕਰਮਜੀਤ ਸਿੰਘ ਅਤੇ ਸੀਨੀਅਰ ਕਾਂਸਟੇਬਲ ਭੁਪਿੰਦਰ ਸਿੰਘ ਨੂੰ ਵਾਰ-ਵਾਰ ਡਿਊਟੀ ਤੋਂ ਗੈਰਹਾਜ਼ਰ ਰਹਿਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ।
'Jalandhar SSP','SSP Harkamalpreet Khakh','5 Police officers suspended','suspended Orders'