ਖਬਰਿਸਤਾਨ ਨੈੱਟਵਰਕ- ਜਲੰਧਰ ਦੇ ਫੁੱਟਬਾਲ ਚੌਕ ਸਥਿਤ ਅਰਮਾਨ ਹਸਪਤਾਲ ਵਿਚ ਇਕ ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਭਾਰੀ ਹੰਗਾਮਾ ਕੀਤਾ। ਜਾਣਕਾਰੀ ਅਨੁਸਾਰ ਭਾਜਪਾ ਦੇ ਸਾਬਕਾ ਆਗੂ ਦੀ ਭਤੀਜੀ 30 ਸਾਲਾ ਕੋਮਲ ਨੂੰ ਰੀੜ੍ਹ ਦੀ ਹੱਡੀ ਦੀ ਸਰਜਰੀ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਲੜਕੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਤੇ ਹਸਪਤਾਲ ਉਤੇ ਇਲਾਜ ਵਿਚ ਅਣਗਹਿਲੀ ਦੇ ਦੋਸ਼ ਲਾਏ।
ਲੈਕਚਰਾਰ ਸੀ ਮ੍ਰਿਤਕ
ਮ੍ਰਿਤਕ ਕੋਮਲ ਜੋ ਕਿ 30 ਸਾਲ ਦੀ ਸੀ, ਇੱਕ ਸਰਕਾਰੀ ਲੈਕਚਰਾਰ ਸੀ। ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਸਬੰਧੀ ਡਾਕਟਰ ਨਾਲ ਗੱਲ ਕੀਤੀ। ਭਾਜਪਾ ਆਗੂ ਨੇ ਦੋਸ਼ ਲਗਾਇਆ ਹੈ ਕਿ ਇਲਾਜ ਦੌਰਾਨ ਲਾਪਰਵਾਹੀ ਕਾਰਨ ਲੜਕੀ ਦੀ ਮੌਤ ਹੋਈ ਹੈ। ਲੜਕੀ ਇਲਾਜ ਲਈ ਖੁਦ ਗੱਡੀ ਚਲਾ ਕੇ ਹਸਪਤਾਲ ਆਈ ਸੀ।
ਪਰਿਵਾਰ ਨੇ ਲਾਏ ਦੋਸ਼
ਪਰਿਵਾਰ ਦਾ ਦੋਸ਼ ਹੈ ਕਿ ਡਾਕਟਰਾਂ ਵੱਲੋਂ ਮਾਮੂਲੀ ਰੀੜ੍ਹ ਦੀ ਹੱਡੀ ਦੀ ਸਰਜਰੀ ਦਾ ਆਪ੍ਰੇਸ਼ਨ ਸਾਢੇ 5 ਘੰਟੇ ਤੱਕ ਕੀਤਾ ਗਿਆ, ਜਦੋਂ ਕਿ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਆਪ੍ਰੇਸ਼ਨ ਸਿਰਫ ਅੱਧੇ ਘੰਟੇ ਦਾ ਹੈ। ਜਿਸ ਤੋਂ ਬਾਅਦ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਮਰੀਜ਼ ਆਪ੍ਰੇਸ਼ਨ ਕਰਵਾਉਣ ਲਈ ਖੁਦ ਹਸਪਤਾਲ ਆਇਆ ਸੀ। ਹਾਲਾਂਕਿ, ਇਸ ਮਾਮਲੇ ਸਬੰਧੀ ਡਾਕਟਰਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।
ਇਸ ਵੇਲੇ ਪਰਿਵਾਰਕ ਮੈਂਬਰਾਂ ਅਤੇ ਭਾਜਪਾ ਵਰਕਰਾਂ ਵੱਲੋਂ ਹਸਪਤਾਲ ਦੇ ਬਾਹਰ ਗੁੱਸਾ ਦੇਖਿਆ ਜਾ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਇੰਚਾਰਜ ਮੌਕੇ 'ਤੇ ਪਹੁੰਚ ਗਏ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਡਾਕਟਰ ਅਤੇ ਸਟਾਫ਼ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ
ਪੀੜਤ ਪਰਿਵਾਰ ਨੇ ਅਰਮਾਨ ਹਸਪਤਾਲ ਦੇ ਡਾਕਟਰ ਅਤੇ ਸਟਾਫ਼ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਡਾਕਟਰ ਅਤੇ ਸਟਾਫ਼ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨਵਾਂਸ਼ਾਲਾ ਦੇ ਵਸਨੀਕ ਕਰਨਜੀਤ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੀ ਧੀ ਕੋਮਲ ਮੁਲਤਾਨੀ ਰੀੜ੍ਹ ਦੀ ਹੱਡੀ ਦੀ ਬਿਮਾਰੀ ਤੋਂ ਪੀੜਤ ਸੀ। ਡਾਕਟਰ ਛਾਬੜਾ ਨੇ ਕਿਹਾ ਕਿ ਇਹ ਇੱਕ ਆਮ ਰੀੜ੍ਹ ਦੀ ਹੱਡੀ ਦੀ ਸਰਜਰੀ ਹੈ। ਜਿਸ ਲਈ ਕੋਮਲ ਨੂੰ 24 ਜੂਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਡਾਕਟਰ ਛਾਬੜਾ ਨੇ ਉਸਦੀ ਧੀ ਦਾ ਆਪ੍ਰੇਸ਼ਨ ਕੀਤਾ। ਦੱਸ ਦੇਈਏ ਕਿ ਮ੍ਰਿਤਕਾ ਦਾ ਪਤੀ ਮਰਚੈਂਟ ਨੇਵੀ ਵਿਚ ਹੈ।
ਸਰਜਰੀ ਤੋਂ ਬਾਅਦ ਕੋਮਲ ਹੋਈ ਬੇਸੁੱਧ
ਸਪਾਈਨ ਸਰਜਰੀ ਤੋਂ ਬਾਅਦ ਕੋਮਲ ਬੇਸੁੱਧ ਹੋ ਗਈ ਤੇ ਫਿਰ ਉਸ ਨੂੰ ਵੈਂਟੀਲੇਟਰ ਉਤੇ ਰੱਖਿਆ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਕਿਹਾ ਗਿਆ ਕਿ ਪੇਟ ਵਿਚ ਕੋਈ ਨਸ ਵਿਚ ਖੂਨ ਦਾ ਰਿਸਾਅ ਹੋ ਰਿਹੈ। ਫਿਰ ਪੇਟ ਦਾ ਆਪ੍ਰੇਸ਼ਨ ਵੀ ਕੀਤਾ ਗਿਆ ਪਰ ਲੜਕੀ ਦੀ ਹਾਲਤ ਵਿਚ ਕੁਝ ਸੁਧਾਰ ਨਹੀਂ ਹੋਇਆ। ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪਰਿਵਾਰ ਅਨੁਸਾਰ, ਛੋਟੀ ਰੀੜ੍ਹ ਦੀ ਹੱਡੀ ਦੀ ਸਰਜਰੀ ਦੌਰਾਨ ਡਾਕਟਰ ਦੁਆਰਾ ਕੀਤੀ ਗਈ ਗਲਤੀ ਕਾਰਨ ਕੋਮਲ ਦੀ ਮੌਤ ਹੋ ਗਈ। ਫਿਲਹਾਲ ਪੀੜਤ ਪਰਿਵਾਰ ਨੇ ਕਾਰਵਾਈ ਦੀ ਮੰਗ ਕੀਤੀ ਹੈ।
ਡਾਕਟਰ ਨੇ ਮਾਮਲੇ ਬਾਰੇ ਇਹ ਗੱਲ ਕਹੀ
ਦੂਜੇ ਪਾਸੇ, ਇਸ ਮਾਮਲੇ ਬਾਰੇ ਡਾਕਟਰ ਨੇ ਕਿਹਾ ਕਿ ਮਰੀਜ਼ ਦਾ ਆਪ੍ਰੇਸ਼ਨ ਬਿਲਕੁਲ ਸਹੀ ਢੰਗ ਨਾਲ ਹੋਇਆ ਸੀ, ਪਰ ਬੀਪੀ ਨਾਰਮਲ ਨਹੀਂ ਹੋ ਰਿਹਾ ਸੀ, ਜਿਸ ਕਾਰਨ ਉਸਨੂੰ ਆਈਸੀਯੂ ਵਿੱਚ ਰੱਖਿਆ ਗਿਆ ਸੀ, ਹਾਲਾਂਕਿ ਇਸ ਤੋਂ ਬਾਅਦ ਵੀ ਉਸਦਾ ਬਲੱਡ ਪ੍ਰੈਸ਼ਰ ਆਮ ਨਹੀਂ ਹੋਇਆ।