ਖਬਰਿਸਤਾਨ ਨੈੱਟਵਰਕ- ਜਲੰਧਰ ਵਿਚ ਟ੍ਰੈਫਿਕ ਪੁਲਸ ਦਾ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿਥੇ ਨਾਕੇ ਉਤੇ ਪੁਲਸ ਨੇ ਕਾਰ ਚਾਲਕ ਦਾ ਹੈਲਮੇਟ ਦਾ ਚਾਲਾਨ ਕੱਟ ਦਿੱਤਾ। ਜਲੰਧਰ ਟ੍ਰੈਫਿਕ ਪੁਲਿਸ ਨੇ ਇੱਕ ਕਾਰ ਸਵਾਰ ਦਾ ਹੈਲਮੇਟ ਨਾ ਪਾਉਣ 'ਤੇ ਚਲਾਨ ਜਾਰੀ ਕੀਤਾ ਅਤੇ ਕਾਰ ਨੂੰ ਵੀ ਜ਼ਬਤ ਕਰ ਲਿਆ। ਕਾਰ ਚਾਲਕ ਸੁਸ਼ੀਲ ਤਿਵਾੜੀ ਨੇ ਪੁਲਿਸ ਨੂੰ ਡਿਜੀ ਲਾਕਰ 'ਤੇ ਦਸਤਾਵੇਜ਼ ਦਿਖਾਏ, ਪਰ ਪੁਲਿਸ ਨੇ ਇਸਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ।
ਕਾਰ ਸਵਾਰ ਸੁਸ਼ੀਲ ਤਿਵਾੜੀ ਨੇ ਪੁਲਿਸ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਐਤਵਾਰ ਰਾਤ ਲਗਭਗ 9 ਵਜੇ ਉਹ 120 ਫੁੱਟ ਰੋਡ ਬਬਰੀਕ ਚੌਕ ਦੇ ਨੇੜੇ ਤੋਂ ਲੰਘ ਰਿਹਾ ਸੀ। ਜਿੱਥੇ ਪੁਲਿਸ ਟੀਮ ਨੇ ਨਾਕਾ ਲਾਇਆ ਹੋਇਆ ਸੀ ਅਤੇ ਜਦੋਂ ਪੁਲਿਸ ਨੇ ਉਸ ਨੂੰ ਰੋਕਿਆ ਅਤੇ ਦਸਤਾਵੇਜ਼ ਦਿਖਾਉਣ ਦੀ ਮੰਗ ਕੀਤੀ ਤਾਂ ਉਸ ਨੇ ਡੀਜੀ ਲਾਕਰ ਦੀ ਮਦਦ ਨਾਲ ਏਐਸਆਈ ਬਲਬੀਰ ਸਿੰਘ ਨੂੰ ਗੱਡੀ ਦੇ ਦਸਤਾਵੇਜ਼ ਦਿਖਾਏ, ਪਰ ਉਨ੍ਹਾਂ ਨੇ ਇਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ।
ਜਦੋਂ ਉਨ੍ਹਾਂ ਨੇ ਉਸ ਦਾ ਚਲਾਨ ਜਾਰੀ ਕਰਨਾ ਸ਼ੁਰੂ ਕੀਤਾ ਤਾਂ ਉਸ ਨੇ ਏਐਸਆਈ ਬਲਬੀਰ ਸਿੰਘ ਨੂੰ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰਨ ਦੀ ਅਪੀਲ ਕੀਤੀ ਪਰ ਉਹ ਨਹੀਂ ਮੰਨੇ ਅਤੇ ਹੈਲਮੇਟ, ਆਰਸੀ ਅਤੇ ਲਾਇਸੈਂਸ ਲਈ ਚਲਾਨ ਕੱਟ ਦਿੱਤਾ। ਇਸ ਦੌਰਾਨ, ਪੁਲਿਸ ਵਾਲਿਆਂ ਨੇ ਵੀ ਦੁਰਵਿਵਹਾਰ ਵੀ ਕੀਤਾ ਅਤੇ ਆਪਣੀ ਵਰਦੀ ਦਾ ਰੋਹਬ ਵੀ ਦਿਖਾਇਆ।
ਸੁਸ਼ੀਲ ਤਿਵਾੜੀ ਨੇ ਅੱਗੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ, ਡੀਜੀ ਲਾਕਰ ਵਿੱਚ ਰੱਖੇ ਦਸਤਾਵੇਜ਼ਾਂ ਨੂੰ ਮਨਜ਼ੂਰ ਮੰਨਿਆ ਜਾਂਦਾ ਹੈ ਪਰ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਅਤੇ ਹਜ਼ਾਰਾਂ ਰੁਪਏ ਦਾ ਚਲਾਨ ਜਾਰੀ ਕੀਤਾ। ਲਗਭਗ 10:25 ਵਜੇ, ਉਨ੍ਹਾਂ ਨੇ ਡੀਐਸਪੀ ਦੇ ਰੀਡਰ ਨੂੰ ਫ਼ੋਨ ਕੀਤਾ ਅਤੇ ਉਨ੍ਹਾਂ ਨੂੰ ਪੂਰੀ ਘਟਨਾ ਬਾਰੇ ਜਾਣਕਾਰੀ ਦਿੱਤੀ ਅਤੇ ਮੰਗ ਕੀਤੀ ਕਿ ਅਜਿਹੀਆਂ ਗੈਰ-ਕਾਨੂੰਨੀ ਅਤੇ ਅਪਮਾਨਜਨਕ ਕਾਰਵਾਈਆਂ ਨੂੰ ਤੁਰੰਤ ਬੰਦ ਕੀਤਾ ਜਾਵੇ।