ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਇਕੱਠੇ ਲੜ ਰਹੇ ਹਨ। ਕਾਂਗਰਸ ਨੇ ਸੋਮਵਾਰ ਦੇਰ ਰਾਤ ਆਪਣੇ 9 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਨੈਸ਼ਨਲ ਕਾਨਫਰੰਸ ਨੇ ਵੀ 19 ਉਮੀਦਵਾਰਾਂ ਦਾ ਐਲਾਨ ਕੀਤਾ ਹੈ।
ਇਸ ਸੂਚੀ ਵਿੱਚ ਕਾਂਗਰਸ ਨੇ ਜੰਮੂ-ਕਸ਼ਮੀਰ ਦੇ ਤਿੰਨ ਸਾਬਕਾ ਪ੍ਰਧਾਨਾਂ ਨੂੰ ਟਿਕਟ ਦਿੱਤੀ ਹੈ, ਜਿਨ੍ਹਾਂ ਵਿੱਚ ਗੁਲਾਮ ਅਹਿਮਦ ਮੀਰ, ਪੀਰਜ਼ਾਦਾ ਮੁਹੰਮਦ ਸਈਦ ਅਤੇ ਵਿਕਾਰ ਰਸੂਲ ਵਾਨੀ ਸ਼ਾਮਲ ਹਨ। ਕਾਂਗਰਸ ਨੇ ਗੁਲਾਮ ਅਹਿਮਦ ਮੀਰ ਨੂੰ ਅਨੰਤਨਾਗ ਜ਼ਿਲ੍ਹੇ ਦੀ ਦੁਰਰੂ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਹੈ।
5 ਸੀਟਾਂ 'ਤੇ ਦੋਸਤਾਨਾ ਮੁਕਾਬਲਾ
ਦੋਵਾਂ ਪਾਰਟੀਆਂ ਵਿਚਾਲੇ ਸੀਟ ਵੰਡ ਫਾਰਮੂਲੇ ਨੂੰ 26 ਅਗਸਤ ਨੂੰ ਅੰਤਿਮ ਰੂਪ ਦਿੱਤਾ ਗਿਆ ਸੀ। ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ 90 ਸੀਟਾਂ 'ਚੋਂ ਨੈਸ਼ਨਲ ਕਾਨਫਰੰਸ 51 ਸੀਟਾਂ 'ਤੇ ਅਤੇ ਕਾਂਗਰਸ 32 ਸੀਟਾਂ 'ਤੇ ਚੋਣ ਲੜੇਗੀ। 5 ਸੀਟਾਂ 'ਤੇ ਦੋਸਤਾਨਾ ਮੁਕਾਬਲਾ ਹੋਵੇਗਾ। ਸੀਪੀਆਈ (ਐਮ) ਅਤੇ ਪੈਂਥਰਜ਼ ਪਾਰਟੀ ਨੂੰ 2 ਸੀਟਾਂ ਮਿਲੀਆਂ ਹਨ।
ਜਿਨ੍ਹਾਂ ਪੰਜ ਸੀਟਾਂ 'ਤੇ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦੇ ਉਮੀਦਵਾਰ ਆਹਮੋ-ਸਾਹਮਣੇ ਹੋਣਗੇ। ਇਨ੍ਹਾਂ ਵਿੱਚ ਜੰਮੂ ਖੇਤਰ ਵਿੱਚ ਬਨਿਹਾਲ, ਡੋਡਾ, ਨਗਰੋਟਾ ਅਤੇ ਭਦਰਵਾਹ ਅਤੇ ਘਾਟੀ ਖੇਤਰ ਵਿੱਚ ਸੋਪੋਰ ਸ਼ਾਮਲ ਹਨ। ਕਰਾੜਾ ਨੇ ਕਿਹਾ ਕਿ ਦੋਵੇਂ ਪਾਰਟੀਆਂ ਇਨ੍ਹਾਂ ਪੰਜ ਸੀਟਾਂ 'ਤੇ ਇਕ-ਦੂਜੇ ਵਿਰੁੱਧ ਉਮੀਦਵਾਰ ਖੜ੍ਹੇ ਕਰਨਗੀਆਂ, ਪਰ ਮੁਕਾਬਲਾ ਪੂਰੀ ਤਰ੍ਹਾਂ ਦੋਸਤਾਨਾ ਹੋਵੇਗਾ।
ਕਿਸਨੂੰ ਕਿੱਥੋਂ ਮਿਲੀ ਟਿਕਟ ?
ਕਾਂਗਰਸ ਵੱਲੋਂ ਹੋਰ ਉਮੀਦਵਾਰਾਂ ਦਾ ਐਲਾਨ। ਇਨ੍ਹਾਂ ਵਿੱਚ ਪੁਲਵਾਮਾ ਜ਼ਿਲ੍ਹੇ ਦੀ ਤਰਾਲ ਸੀਟ ਤੋਂ ਸੁਰਿੰਦਰ ਸਿੰਘ ਚੰਨੀ, ਕੁਲਗਾਮ ਜ਼ਿਲ੍ਹੇ ਦੀ ਦੇਵਸਰ ਸੀਟ ਤੋਂ ਅਮਾਨਉੱਲ੍ਹਾ ਮੰਟੂ, ਕਿਸ਼ਤਵਾੜ ਜ਼ਿਲ੍ਹੇ ਦੀ ਇੰਦਰਵਾਲ ਸੀਟ ਤੋਂ ਸ਼ੇਖ ਜ਼ਫ਼ਰਉੱਲਾ, ਡੋਡਾ ਜ਼ਿਲ੍ਹੇ ਦੀ ਭਦਰਵਾਹ ਸੀਟ ਤੋਂ ਨਦੀਮ ਸ਼ਰੀਫ਼, ਡੋਡਾ ਸੀਟ ਤੋਂ ਸ਼ੇਖ ਰਿਆਜ਼ ਅਤੇ ਡੋਡਾ ਪੱਛਮੀ ਤੋਂ ਸੀਟ ਡਾ. ਪ੍ਰਦੀਪ ਕੁਮਾਰ ਭਗਤ ਨੂੰ ਟਿਕਟ ਦਿੱਤੀ ਹੈ।
ਤਿੰਨ ਪੜਾਵਾਂ 'ਚ ਵੋਟਿੰਗ, 4 ਅਕਤੂਬਰ ਨੂੰ ਆਵੇਗਾ ਨਤੀਜਾ
ਚੋਣ ਕਮਿਸ਼ਨ ਨੇ 16 ਅਗਸਤ ਨੂੰ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਸੀ। ਸੂਬੇ 'ਚ ਤਿੰਨ ਪੜਾਵਾਂ 'ਚ ਵੋਟਿੰਗ ਹੋਵੇਗੀ। ਇੱਥੇ ਕੁੱਲ 90 ਵਿਧਾਨ ਸਭਾ ਸੀਟਾਂ ਹਨ। ਬਹੁਮਤ ਦਾ ਅੰਕੜਾ 46 ਹੈ।