ਭਾਰਤ ਤੇ ਕੈਨੇਡਾ ਦੇ ਸੰਬੰਧ ਠੀਕ ਨਹੀਂ ਚੱਲ ਰਹੇ ਹਨ। ਇਸ ਦੌਰਾਨ ਜਸਟਿਨ ਟਰੂਡੋ ਨੇ ਹੁਣ ਨਵਾਂ ਐਲਾਨ ਕੀਤਾ ਹੈ। ਦਰਅਸਲ ਜਸਟਿਨ ਟਰੂਡੋ ਨੇ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾਉਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਨੇ ਭਾਰਤੀ ਪ੍ਰਵਾਸੀਆਂ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ।
ਟਰੂਡੋ ਨੇ ਵਿਦੇਸ਼ੀ ਕਾਮਿਆਂ ਨੂੰ ਘਟਾਉਣ ਦਾ ਕੀਤਾ ਐਲਾਨ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵਿੱਟਰ 'ਤੇ ਇੱਕ ਪੋਸਟ 'ਚ ਲਿਖਿਆ, "ਅਸੀਂ ਕੈਨੇਡਾ 'ਚ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਘਟਾਉਣ ਜਾ ਰਹੇ ਹਾਂ । ਅਸੀਂ ਇਹ ਸਾਬਤ ਕਰਨ ਲਈ ਕੰਪਨੀਆਂ ਲਈ ਸਖ਼ਤ ਨਿਯਮ ਪੇਸ਼ ਕਰ ਰਹੇ ਹਨ ਕਿ ਪਹਿਲੇ ਕੈਨੇਡਾ ਦੇ ਕਰਮਚਾਰੀ ਨੂੰ ਕਿਉ ਨਿਯੁਕਤ ਨਹੀਂ ਕਰ ਸਕਦੇ
ਦੱਸ ਦੇਈਏ ਕਿ ਕੈਨੇਡਾ 'ਚ ਭਾਰਤੀ ਕਾਮੇ ਤੇ ਵਿਦਿਆਰਥੀ ਪਹਿਲਾਂ ਹੀ ਬਹੁਤ ਸੀਮਤ ਪਲੇਸਮੈਂਟ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਟਰੂਡੋ ਦੇ ਇਸ ਕਦਮ ਨਾਲ ਸਥਿਤੀ ਹੋਰ ਵੀ ਔਖੀ ਹੋ ਜਾਵੇਗੀ।
1.3 ਲੱਖ ਵਿਦਿਆਰਥੀਆਂ ਦੇ ਪਰਮਿਟ 31 ਨੂੰ ਖਤਮ
ਇਸ ਦੇ ਨਾਲ ਹੀ ਦੱਸ ਦੇਈਏ ਕਿ ਕੈਨੇਡਾ 'ਚ ਭਾਰਤੀ ਵਿਦਿਆਰਥੀਆਂ ਦੇ ਵਰਕ ਪਰਮਿਟ ਦੀ ਮਿਆਦ 31 ਦਸੰਬਰ 2024 ਨੂੰ ਖਤਮ ਹੋਣ ਜਾ ਰਹੀ ਹੈ। ਜਾਣਕਾਰੀ ਮੁਤਾਬਕ ਕਰੀਬ 1.3 ਲੱਖ ਵਿਦਿਆਰਥੀਆਂ ਦੇ ਪਰਮਿਟ 31 ਨੂੰ ਖਤਮ ਹੋ ਜਾਣਗੇ। ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਦੇਸ਼ ਪਰਤਣਾ ਹੋਵੇਗਾ। ਇਸ ਸਥਿਤੀ ਦੇ ਖਿਲਾਫ ਬਰੈਂਪਟਨ 'ਚ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਹਨ। ਜਿਸ 'ਚ ਜ਼ਿਆਦਾਤਰ ਵਿਦਿਆਰਥੀ ਪੰਜਾਬ ਦੇ ਹਨ।
29 ਅਗਸਤ ਤੋਂ ਸਟੂਡੈਂਟ ਕਰ ਰਹੇ ਹਨ ਪ੍ਰਦਰਸ਼ਨ
ਜਿੱਥੇ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ (PGWP) ਦੇ ਵਿਸਥਾਰ ਦੀ ਮੰਗ ਕਰ ਰਹੇ ਹਨ। ਦੇਸ਼ ਨਿਕਾਲੇ ਦੇ ਡਰੋਂ 29 ਅਗਸਤ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ (ਪੀ.ਜੀ.ਡਬਲਿਊ.ਪੀ.) ਦੇ ਵਾਧੇ, ਸਥਾਈ ਨਿਵਾਸ ਲਈ ਢੁਕਵੀਂ ਨੀਤੀ ਤੇ ਸ਼ੋਸ਼ਣ ਵਿਰੁੱਧ ਆਪਣੀਆਂ ਮੰਗਾਂ ਰੱਖ ਰਹੇ ਹਨ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਯੰਗ ਸਟੂਡੈਂਟ ਨੈੱਟਵਰਕ (ਐਨਐਸਐਨ) ਦੇ ਬਿਕਰਮ ਸਿੰਘ ਕੁੱਲੇਵਾਲ ਕਰ ਰਹੇ ਹਨ ਅਤੇ ਮਾਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜ਼ੇਸ਼ਨ (ਐਮਵਾਈਐਸਓ) ਦਾ ਵੀ ਸਮਰਥਨ ਹੈ।
31 ਦਸੰਬਰ ਨੂੰ ਖਤਮ ਹੋ ਜਾਵੇਗੀ ਵਰਕ ਪਰਮਿਟਾਂ ਦੀ ਮਿਆਦ
MYSO ਦੇ ਕਨਵੀਨਰ ਮਨਦੀਪ ਨੇ ਕਿਹਾ ਕਿ ਲਗਭਗ 1.3 ਲੱਖ ਵਿਦਿਆਰਥੀ ਖ਼ਤਰੇ 'ਚ ਹਨ। ਦਰਅਸਲ ਉਨ੍ਹਾਂ ਦੇ ਵਰਕ ਪਰਮਿਟ ਦੀ ਮਿਆਦ 31 ਦਸੰਬਰ ਨੂੰ ਖਤਮ ਹੋ ਜਾਵੇਗੀ। ਜਿਸ ਕਾਰਨ ਉਹ ਕੈਨੇਡਾ ਵਿੱਚ ਰਹਿਣ ਲਈ ਵਰਕ ਪਰਮਿਟ ਦੀ ਮਿਆਦ ਵਧਾਉਣ ਦੀ ਮੰਗ ਕਰ ਰਹੇ ਹਨ। ਹਾਲਾਂਕਿ, ਪਿਛਲੇ ਸਾਲ ਦੌਰਾਨ, ਭਾਰਤ ਤੇ ਕੈਨੇਡਾ ਦੇ ਤਣਾਅਪੂਰਨ ਸਬੰਧਾਂ ਨੇ ਪ੍ਰਵਾਸੀਆਂ ਤੇ ਵਿਦਿਆਰਥੀਆਂ 'ਚ ਬੇਲੋੜਾ ਡਰ ਪੈਦਾ ਕੀਤਾ ਹੈ।
ਇਸ ਦੇ ਨਾਲ ਹੀ ਮਨਦੀਪ ਨੇ ਕਿਹਾ ਕਿ ਭਾਰਤ ਸਰਕਾਰ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਤੇ ਰੁਜ਼ਗਾਰ ਦੇਣ ਵਿੱਚ ਅਸਫਲ ਰਹੀ ਹੈ, ਜਿਸ ਕਾਰਨ ਨੌਜਵਾਨਾਂ ਕੋਲ ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਹੈ।