ਪੰਜਾਬ ਦੇ ਕਪੂਰਥਲਾ ਦੇ ਰਹਿਣ ਵਾਲੇ ਨੌਜਵਾਨ ਮੁਹੰਮਦ ਸ਼ਫੀ ਨੇ ਨਿਊਜ਼ੀਲੈਂਡ ਵਿੱਚ ਕਬੱਡੀ ਖੇਡ ਕੇ ਆਪਣੇ ਸ਼ਹਿਰ ਤੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਸ਼ਫੀ ਗੁੱਜਰ ਭਾਈਚਾਰੇ ਨਾਲ ਸਬੰਧਤ ਹੈ। ਸ਼ਫੀ ਨੇ ਆਪਣੀ ਮਿਹਨਤ ਤੇ ਕਬੱਡੀ ਦੀ ਖੇਡ ਪ੍ਰਤੀ ਪਿਆਰ ਤੇ ਲਗਨ ਕਾਰਨ ਇਸ ਖੇਡ ਵਿੱਚ ਆਪਣਾ ਨਾਮ ਬਣਾਇਆ ਹੈ, ਹਾਲ ਹੀ ਵਿੱਚ ਉਸ ਨੂੰ ਨਿਊਜ਼ੀਲੈਂਡ ਵਿੱਚ ਸਰਵੋਤਮ ਰੇਡਰ ਚੁਣਿਆ ਗਿਆ ਸੀ।
ਪਿੰਡ ਵਾਸੀਆਂ ਨੇ ਹਾਰ ਪਾ ਕੇ ਕੀਤਾ ਨਿੱਘਾ ਸਵਾਗਤ
ਨਿਊਜ਼ੀਲੈਂਡ ਵਿੱਚ ਖੇਡ ਕੇ ਜਦੋਂ ਉਹ ਵਾਪਸ ਪਰਤੇ ਤਾਂ ਪਿੰਡ ਵਾਸੀਆਂ ਨੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਉਨ੍ਹਾਂ ਖਿਡਾਰੀ ਦੇ ਉਸ ਮੁਕਾਮ 'ਤੇ ਪਹੁੰਚਣ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿਚ ਵੀ ਉਹ ਇਸੇ ਤਰ੍ਹਾਂ ਖੇਡਾਂ ਵਿਚ ਜਿੱਤ ਦੇ ਝੰਡੇ ਲਹਿਰਾਉਂਦੇ ਰਹਿਣਗੇ।
ਮੁਹੰਮਦ ਸ਼ਫੀ ਨੇ ਦੱਸਿਆ ਕਿ ਆਲ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੇ ਦਿਲਜੀਤ ਸਿੰਘ ਵਿਰਕ ਦੇ ਸਹਿਯੋਗ ਨਾਲ ਆਕਲੈਂਡ ਸ਼ਹਿਰ ਵਿੱਚ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਉਹ 23 ਮਾਰਚ ਨੂੰ ਭਾਰਤ ਤੋਂ ਇਸ ਟੂਰਨਾਮੈਂਟ ਲਈ ਰਵਾਨਾ ਹੋਏ ਸਨ ਤੇ 28 ਮਾਰਚ ਤੋਂ 21 ਅਪ੍ਰੈਲ ਤੱਕ ਚੱਲੇ ਇਸ ਕਬੱਡੀ ਟੂਰਨਾਮੈਂਟ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ ਸੀ। ਜਿਸ ਕਾਰਨ ਉਨ੍ਹਾਂ ਨੂੰ ਬੈਸਟ ਰੇਡਰ ਦਾ ਖਿਤਾਬ ਮਿਲਿਆ ਹੈ।