ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਲੁਧਿਆਣਾ ਦੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਨੌਜਵਾਨ ਦਾ 8 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਗੁਰਪ੍ਰੀਤ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੇ ਪਰਿਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਕਤਲ ਦੀ ਜਾਣਕਾਰੀ ਮਿਲੀ। ਸੂਚਨਾ ਮਿਲਦੇ ਹੀ ਪੂਰੇ ਇਲਾਕੇ 'ਚ ਸੋਗ ਦਾ ਮਾਹੌਲ ਬਣ ਗਿਆ, ਉਥੇ ਹੀ ਪਰਿਵਾਰਕ ਮੈਂਬਰ ਵੀ ਰੋ-ਰੋ ਕੇ ਬੁਰੀ ਹਾਲਤ 'ਚ ਹਨ।
3 ਭੈਣਾਂ ਦਾ ਸੀ ਇਕਲੌਤਾ ਭਰਾ
ਜਾਣਕਾਰੀ ਦਿੰਦਿਆਂ ਪਿੰਡ ਪਮਾਲ ਦੇ ਸਰਪੰਚ ਜਗਦੀਸ਼ ਸਿੰਘ (ਜੱਗੀ) ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਦਾ ਪਿਛੋਕੜ ਅੰਮ੍ਰਿਤਸਰ ਜ਼ਿਲ੍ਹੇ ਨਾਲ ਹੈ ਅਤੇ ਮ੍ਰਿਤਕ ਦੇ ਪਿਤਾ ਨਿਸ਼ਾਨ ਸਿੰਘ ਪਿਛਲੇ ਕਾਫੀ ਸਮੇਂ ਤੋਂ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਸਿੰਘ ਵਜੋਂ ਸੇਵਾ ਨਿਭਾਅ ਰਹੇ ਹਨ। ਗੁਰਪ੍ਰੀਤ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਪੜ੍ਹਾਈ ਲਈ ਵਿਦੇਸ਼ ਗਿਆ ਹੋਇਆ ਸੀ।
ਗੁਰਪ੍ਰੀਤ ਅੱਠ ਮਹੀਨੇ ਪਹਿਲਾਂ ਵਿਆਹ ਕਰਵਾ ਕੇ ਵਾਪਸ ਨਿਊਜ਼ੀਲੈਂਡ ਚਲਾ ਗਿਆ ਸੀ ਅਤੇ 6 ਫਰਵਰੀ 2024 ਨੂੰ ਉਸ ਦੀ ਪਤਨੀ ਨੇ ਨਿਊਜ਼ੀਲੈਂਡ ਜਾਣ ਲਈ ਟਿਕਟ ਵੀ ਲਈ ਸੀ ਪਰ ਇਹ ਘਟਨਾ ਉਸ ਤੋਂ ਪਹਿਲਾਂ ਹੀ ਵਾਪਰ ਗਈ।
ਪਿਤਾ ਨਿਊਜ਼ੀਲੈਂਡ ਜਾਣ ਦੀ ਤਿਆਰੀ ਕਰ ਰਹੇ
ਇਸ ਦੇ ਨਾਲ ਹੀ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਨਿਸ਼ਾਨ ਸਿੰਘ ਵਕੀਲਾਂ ਦੀ ਸਲਾਹ ਲੈ ਕੇ ਨਿਊਜ਼ੀਲੈਂਡ ਜਾਣ ਦੀ ਤਿਆਰੀ ਕਰ ਰਹੇ ਹਨ ਤਾਂ ਜੋ ਉਹ ਆਪਣੇ ਬੇਟੇ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾ ਸਕਣ ਅਤੇ ਆਪਣੇ ਬੇਟੇ ਦੀ ਮ੍ਰਿਤਕ ਦੇਹ ਭਾਰਤ ਲਿਆ ਸਕਣ।