ਕਪੂਰਥਲਾ ਦੇ ਬੱਸ ਸਟੈਂਡ ਨੇੜੇ ਸਥਿਤ MIC ਮੋਬਾਈਲ ਸ਼ੋਅਰੂਮ 'ਤੇ ਸੋਮਵਾਰ ਨੂੰ ਬਾਈਕ ਸਵਾਰ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਇਹ ਘਟਨਾ ਸਵੇਰੇ 10 ਵਜੇ ਦੀ ਹੈ। ਸ਼ੋਅਰੂਮ ਦੇ ਸਾਰੇ ਸ਼ੀਸ਼ੇ ਟੁੱਟੇ ਗਏ। ਇਸ ਦੌਰਾਨ ਸ਼ੋਅਰੂਮ ਮਾਲਕ ਟੀਨੂੰ ਮਲਹੋਤਰਾ ਨੇ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਨੇ ਮਾਮਲੇ ਦੀ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਫਾਇਰਰਿੰਗ ਤੋਂ ਬਾਅਦ ਫੜਾਈ ਚਿੱਠੀ
ਬਦਮਾਸ਼ ਜਾਂਦੇ ਸਮੇਂ ਸ਼ੋਅਰੂਮ ਦੇ ਬਾਹਰ ਖੜ੍ਹੇ ਮੁਲਾਜ਼ਮ ਨੂੰ ਚਿੱਠੀ ਫੜਾ ਕੇ ਗਏ । ਚਿੱਠੀ 'ਚ ਇੱਕ ਨਾਂ ਲਿਖਿਆ ਹੈ ਤੇ 5 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਤਿਉਹਾਰਾਂ ਦੇ ਸੀਜ਼ਨ ਦੌਰਾਨ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਕਾਰੋਬਾਰੀ ਤੇ ਸ਼ਹਿਰ ਵਾਸੀ ਡਰੇ ਹੋਏ ਹਨ। ਐਸਪੀਡੀ ਸਰਬਜੀਤ ਰਾਏ ਤੇ ਡੀਐਸਪੀ ਸਬ ਡਿਵੀਜ਼ਨ ਪੁਲਿਸ ਟੀਮ ਸਮੇਤ ਮਾਮਲੇ ਦੀ ਜਾਂਚ ਕਰ ਰਹੇ ਹਨ।
ਘਟਨਾ ਵਾਲੀ ਥਾਂ ਨੇੜੇ ਡੀਸੀ ਤੇ ਸੈਸ਼ਨ ਜੱਜ ਦਾ ਘਰ
ਜਾਣਕਾਰੀ ਮਿਲੀ ਹੈ ਕਿ ਘਟਨਾ ਸਥਾਨ ਤੋਂ ਕੁਝ ਮੀਟਰ ਦੀ ਦੂਰੀ 'ਤੇ ਸੈਸ਼ਨ ਜੱਜ ਕਪੂਰਥਲਾ ਦਾ ਘਰ ਹੈ ਤੇ ਥੋੜ੍ਹੀ ਦੂਰ ਡੀਸੀ ਕਪੂਰਥਲਾ ਦੀ ਰਿਹਾਇਸ਼ ਹੈ। ਵੀਆਈਪੀ ਅਫ਼ਸਰਾਂ ਦੇ ਇਸ ਇਲਾਕੇ 'ਚ ਰਹਿਣ ਦੇ ਬਾਵਜੂਦ ਵਾਪਰੀ ਇਹ ਘਟਨਾ ਕਪੂਰਥਲਾ ਪੁਲਿਸ ਦੇ ਸੁਰੱਖਿਆ ਦਾਅਵਿਆਂ ’ਤੇ ਸਵਾਲ ਉਠਦੇ ਹਨ ।
ਗਲੀ 'ਚ ਬਾਈਕ ਕੀਤੀ ਸੀ ਖੜ੍ਹੀ ,ਗੋਲੀਆਂ ਦੇ 15 ਖੋਲ ਬਰਾਮਦ
ਘਟਨਾ ਦੀ ਸੀਸੀਟੀਵੀ ਫੁਟੇਜ ਮੁਤਾਬਕ ਹਮਲਾਵਰ ਬਦਮਾਸ਼ ਨੇ ਸਾਹਮਣੇ ਵਾਲੀ ਗਲੀ 'ਚ ਬਾਇਕ ਖੜ੍ਹੀ ਕਰ ਪੈਦਲ ਹੀ ਸ਼ੋਅਰੂਮ 'ਚ ਆਏ ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਐਸਪੀ-ਡੀ ਸਰਬਜੀਤ ਰਾਏ ਅਤੇ ਉਨ੍ਹਾਂ ਦੀ ਪੁਲਿਸ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬਦਮਾਸ਼ਾਂ ਨੇ 32 ਬੋਰ ਦੀ ਬੰਦੂਕ ਨਾਲ ਕਰੀਬ 15-16 ਵਾਰ ਫਾਇਰ ਕੀਤੇ। ਉਥੋਂ ਕਰੀਬ 15 ਖੋਲ ਬਰਾਮਦ ਹੋਏ ਹਨ।
ਚਿੱਠੀ 'ਚ ਲਿਖਿਆ ਇਸ ਗੈਂਗਸਟਰ ਦਾ ਨਾਂ
ਐਸਪੀਡੀ ਸਰਬਜੀਤ ਰਾਏ ਨੇ ਦੱਸਿਆ ਕਿ ਹਮਲਾਵਰਾਂ ਨੇ ਆਪਣੇ ਮੂੰਹ ਢਕੇ ਹੋਏ ਸਨ ਅਤੇ ਪਿੱਛੇ ਇੱਕ ਚਿੱਠੀ ਛੱਡੀ ਸੀ ਜਿਸ ਵਿੱਚ ਹਰਿਆਣਾ ਦੇ ਇੱਕ ਗੈਂਗਸਟਰ ਸੌਰਵ ਗੰਡੋਲਾ ਦਾ ਨਾਮ ਲਿਖਿਆ ਹੋਇਆ ਸੀ। ਜਿਸ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਇਹ ਗੋਲੀਬਾਰੀ ਫਿਰੌਤੀ ਲਈ ਕੀਤੀ ਗਈ ਸੀ।
ਇੱਕ ਕਰੋੜ ਰੁਪਏ ਦੀ ਕੀਤੀ ਮੰਗ
ਮੁਲਜ਼ਮਾਂ ਵੱਲੋਂ ਹਿੰਦੀ 'ਚ ਲਿਖੇ ਪੱਤਰ 'ਚ 1 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਹਾਲਾਂਕਿ, ਸ਼ੋਅਰੂਮ ਮਾਲਕ ਨੂੰ ਇਸ ਤੋਂ ਪਹਿਲਾਂ ਕੋਈ ਵੀ ਕਾਲ ਨਹੀਂ ਆਇਆ ਜਿਸ ਵਿੱਚ ਫਿਰੌਤੀ ਦੀ ਮੰਗ ਕੀਤੀ ਗਈ ਹੈ। ਸ਼ਹਿਰ ਵਿੱਚ ਬਣੇ ਦਹਿਸ਼ਤ ਦੇ ਮਾਹੌਲ ਨੂੰ ਲੈ ਕੇ ਐਸਪੀ ਨੇ ਦਾਅਵਾ ਕੀਤਾ ਕਿ ਜਲਦੀ ਹੀ ਮਾਮਲੇ ਦਾ ਪਤਾ ਲਗਾ ਲਿਆ ਜਾਵੇਗਾ।
ਇਸ ਦੌਰਾਨ ਐਮਆਈਸੀ ਸ਼ੋਅਰੂਮ ਦੇ ਮਾਲਕ ਟੀਨੂੰ ਮਲਹੋਤਰਾ ਨੇ ਕਿਹਾ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਉਹ ਆਪਣਾ ਕਾਰੋਬਾਰ ਆਰਾਮ ਨਾਲ ਕਰਦਾ ਹੈ। ਅਣਪਛਾਤੇ ਹਮਲਾਵਰ ਕੌਣ ਸਨ ਅਤੇ ਕਿੱਥੋਂ ਆਏ ਸਨ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।