ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ 27 ਸਾਲਾ ਬਲਪ੍ਰੀਤ ਵਜੋਂ ਹੋਈ ਹੈ। ਬਲਪ੍ਰੀਤ ਕਪੂਰਥਲਾ ਦਾ ਰਹਿਣ ਵਾਲਾ ਸੀ।
ਪਰਿਵਾਰ ਵਿੱਚ ਸੋਗ
ਪਿਤਾ ਜਸਵਿੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੀ ਨੂੰਹ ਸਟੱਡੀ ਵੀਜ਼ੇ 'ਤੇ ਕੈਨੇਡਾ ਗਈ ਸੀ ਅਤੇ ਉਥੇ ਸੈਟਲ ਹੋ ਕੇ ਉਨ੍ਹਾਂ ਦੇ ਲੜਕੇ ਨੂੰ ਕੈਨੇਡਾ ਬੁਲਾ ਲਿਆ ਪਰ ਬੀਤੀ ਰਾਤ ਉਸ ਦੀ ਅਚਾਨਕ ਮੌਤ ਹੋ ਗਈ। ਇਹ ਦੁੱਖਦਾਈ ਖ਼ਬਰ ਸੁਣਦਿਆਂ ਹੀ ਪੂਰੇ ਪਰਿਵਾਰ ਤੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
ਕੈਨੇਡਾ ਵਿਚ ਪੰਜਾਬੀ ਨੌਜਵਾਨਾਂ ਦੀ ਮੌਤ ਦਾ ਸਿਲਸਿਲਾ ਨਹੀਂ ਰੁਕ ਰਿਹਾ
ਦੱਸ ਦੇਈਏ ਕਿ ਇਸ ਤੋਂ ਤਿੰਨ ਚਾਰ ਦਿਨ ਪਹਿਲਾਂ ਕੈਨੇਡਾ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਸੀ। ਨੌਜਵਾਨ ਦੋ ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ। ਮ੍ਰਿਤਕ ਨੌਜਵਾਨ ਦਾ ਨਾਂ ਮਨਜੋਤ ਸਿੰਘ ਸੀ, ਜਿਸ ਦੀ ਉਮਰ 25 ਸਾਲ ਸੀ ਅਤੇ ਉਹ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਬਹਿਰਾਮ ਕਸਬੇ ਦਾ ਰਹਿਣ ਵਾਲਾ ਸੀ।
ਸ਼ੱਕੀ ਹਾਲਾਤ ਵਿੱਚ ਮੌਤ
ਮਨਜੋਤ ਦੀ ਲਾਸ਼ ਇੱਕ ਪਾਰਕ ਨੇੜਿਓਂ ਮਿਲੀ ਸੀ ਅਤੇ ਸ਼ੱਕ ਹੈ ਕਿ ਉਸ ਨੂੰ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ ਸੀ। ਕੈਨੇਡੀਅਨ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਮਨਜੋਤ ਸਿੰਘ ਦੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।
ਵਰਕ ਪਰਮਿਟ 'ਤੇ ਗਿਆ ਸੀ ਕੈਨੇਡਾ
ਜਾਣਕਾਰੀ ਦਿੰਦਿਆਂ ਪਿੰਡ ਦੇ ਨੌਜਵਾਨ ਗੁਰਤੀਰਥ ਸਿੰਘ ਨੇ ਦੱਸਿਆ ਕਿ ਮਨਜੋਤ ਸਿੰਘ ਦੀਆਂ ਤਿੰਨ ਭੈਣਾਂ ਅਤੇ ਇੱਕ ਛੋਟਾ ਭਰਾ ਹੈ। ਮਨਜੋਤ ਕਰੀਬ ਦੋ ਮਹੀਨੇ ਪਹਿਲਾਂ ਵਰਕ ਪਰਮਿਟ 'ਤੇ ਕੈਨੇਡਾ ਗਿਆ ਸੀ, ਜਦਕਿ ਉਸ ਦੀ ਇਕ ਭੈਣ ਟੋਰਾਂਟੋ ਰਹਿੰਦੀ ਹੈ ਅਤੇ ਉਸ ਦਾ ਛੋਟਾ ਭਰਾ ਪਿੰਡ ਵਿਚ ਆਪਣੇ ਪਿਤਾ ਨਾਲ ਖੇਤੀ ਦਾ ਕੰਮ ਕਰਦਾ ਹੈ।