ਖੰਨਾ 'ਚ ਸੇਮ ਟਾਈਮ, ਸੇਮ ਜਗ੍ਹਾ, ਸੇਮ ਚੋਰ ਨੇ ਇਕ ਹਫਤੇ 'ਚ ਮੰਦਰ 'ਚ ਦੂਜੀ ਵਾਰ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਇਸ ਵਾਰ ਚੋਰ ਨੇ ਗੋਲਕ ਤੋੜ ਕੇ ਦਾਨ ਚੋਰੀ ਕਰ ਲਿਆ। ਪੰਡਿਤ ਦੇਸਰਾਜ ਸ਼ਾਸਤਰੀ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਦੇਖਿਆ ਕਿ ਗੁੱਗਾ ਮਾੜੀ ਸ਼ਿਵ ਮੰਦਰ 'ਚ ਫਿਰ ਤੋਂ ਚੋਰੀ ਹੋਈ।
ਦੱਸ ਦੇਈਏ ਕਿ ਇੱਕ ਹਫ਼ਤੇ ਵਿੱਚ ਇਹ ਦੂਜੀ ਚੋਰੀ ਦੀ ਘਟਨਾ ਹੈ। ਚੋਰ ਬੇਖੌਫ ਹੋ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਪੰਡਿਤ ਦੇਸਰਾਜ ਸ਼ਾਸਤਰੀ ਨੇ ਦੱਸਿਆ ਕਿ ਇਹ ਮੰਦਰ ਸਮਰਾਲਾ ਰੋਡ ’ਤੇ ਹੈ। ਸਾਰੀ ਰਾਤ ਰੋਡ ਚਲਦਾ ਹੈ। ਇੱਥੋਂ ਥੋੜ੍ਹੀ ਦੂਰੀ ’ਤੇ ਪੁਲਸ ਲਾਈਨ ਅਤੇ ਸੀਆਈਏ ਸਟਾਫ਼ ਵੀ ਹੈ।
ਥਾਣੇ 'ਚ ਕੋਈ ਫੋਰਸ ਨਹੀਂ - ਐੱਸ.ਆਈ
ਪੰਡਿਤ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਕੀਤੀ ਤਾਂ ਥਾਣਾ ਸਿਟੀ ਦਾ ਇੱਕ ਏ.ਐਸ.ਆਈ. ਜਿਸ ਨੇ ਆਉਂਦਿਆਂ ਹੀ ਕਿਹਾ ਕਿ ਇਸ ਲਈ ਪੁਲਸ ਜ਼ਿੰਮੇਵਾਰ ਨਹੀਂ ਹੈ। ਥਾਣੇ ਵਿੱਚ ਫੋਰਸ ਨਹੀਂ ਹੈ। ਆਪਣੀ ਰਾਖੀ ਖੁਦ ਕਰੋ। ਇਸ ਤੋਂ ਬਾਅਦ ਮੰਦਰ ਪ੍ਰਬੰਧਕ ਕਮੇਟੀ 'ਚ ਗੁੱਸਾ ਹੈ। ਉਨ੍ਹਾਂ ਕਿਹਾ ਕਿ ਉਹ ਐਸ.ਐਸ.ਪੀ. ਨਾਲ ਮੁਲਾਕਾਤ ਕਰਨਗੇ।
ਇਨ੍ਹਾਂ ਮੰਦਰਾਂ ਵਿੱਚ ਵੀ ਹੋ ਚੁੱਕੀਆਂ ਚੋਰੀਆਂ
ਦੱਸ ਦੇਈਏ ਕਿ ਸ਼ਹਿਰ ਦੇ ਦੇਵੀ ਦੀਵਾਲਾ ਮੰਦਿਰ, ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ, ਸ਼ਿਵ ਮੰਦਿਰ ਮਲੇਰਕੋਟਲਾ ਰੋਡ ਖੰਨਾ, ਗੁੱਗਾ ਮਾੜੀ ਸ਼ਿਵ ਮੰਦਿਰ ਵਿੱਚ ਪਹਿਲਾਂ ਵੀ ਚੋਰੀਆਂ ਹੋ ਚੁੱਕੀਆਂ ਹਨ। ਕੁਝ ਸਮਾਂ ਪਹਿਲਾਂ ਬੱਸ ਸਟੈਂਡ ’ਤੇ ਬਣੇ ਮੰਦਰ ਵਿੱਚ ਵੀ ਚੋਰੀ ਹੋਈ ਸੀ। ਐਸਐਚਓ ਹੇਮੰਤ ਮਲਹੋਤਰਾ ਨੇ ਕਿਹਾ ਕਿ ਚੋਰਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।