ਪੰਜਾਬ ਪੁਲਸ ਨੇ ਅੱਤਵਾਦੀ ਪਰਮਜੀਤ ਸਿੰਘ ਢਾਡੀ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ। ਇਹ ਗ੍ਰਿਫ਼ਤਾਰੀ ਸਟੇਟ ਅਪਰੇਸ਼ਨ ਸੈੱਲ ਅੰਮ੍ਰਿਤਸਰ (ਐਸ.ਐਸ.ਓ.ਸੀ.) ਨੇ ਕੀਤੀ।
ਡੀਜੀਪੀ ਨੇ ਕੀਤਾ ਟਵੀਟ
ਗੌਰਵ ਯਾਦਵ ਨੇ ਟਵੀਟ ਕੀਤਾ ਕਿ SSOC ਅੰਮ੍ਰਿਤਸਰ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਯੂ ਕੇ ਦੇ ਰਹਿਣ ਵਾਲੇ ਅੱਤਵਾਦੀ ਪਰਮਜੀਤ ਸਿੰਘ ਢਾਡੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪਰਮਜੀਤ ਸਿੰਘ ISYF ਦੇ ਮੁਖੀ ਲਖਬੀਰ ਰੋਡੇ ਦਾ ਸਾਥੀ ਹੈ ਅਤੇ ਕਈ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ।
ਅੱਤਵਾਦੀ ਨੈੱਟਵਰਕ ਨੂੰ ਟਰੇਸ ਕਰਨ ਅਤੇ ਬੇਨਕਾਬ ਕਰਨ ਲਈ ਜਾਂਚ ਜਾਰੀ ਹੈ। ਸੂਬੇ 'ਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਅੱਤਵਾਦੀ ਮਾਡਿਊਲ ਲਈ ਇਹ ਵੱਡਾ ਝਟਕਾ ਹੈ।
ਲਖਬੀਰ ਰੋਡੇ ਦੀ ਪਾਕਿਸਤਾਨ ਵਿੱਚ ਮੌਤ
ਦੱਸ ਦੇਈਏ ਕਿ ਪਾਕਿਸਤਾਨ ਵਿੱਚ ਅੱਤਵਾਦੀ ਲਖਬੀਰ ਸਿੰਘ ਰੋਡੇ ਦੀ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਨੇ ਮੌਤ ਦੀ ਪੁਸ਼ਟੀ ਕੀਤੀ ਹੈ। ਰੋਡੇ ਲੰਬੇ ਸਮੇਂ ਤੋਂ ਪਾਕਿਸਤਾਨ 'ਚ ਰਹਿ ਰਿਹਾ ਸੀ। ਤਿੰਨ ਦਿਨ ਪਹਿਲਾਂ 2 ਦਸੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ।