ਕੋਲਕਾਤਾ 'ਚ ਇਕ ਸਿਖਿਆਰਥੀ ਡਾਕਟਰ ਦੇ ਬਲਾਤਕਾਰ-ਕਤਲ ਮਾਮਲੇ ਨੂੰ ਲੈ ਕੇ 7 ਸਿਖਿਆਰਥੀ ਡਾਕਟਰ ਭੁੱਖ ਹੜਤਾਲ 'ਤੇ ਹਨ। ਇਨ੍ਹਾਂ 'ਚੋਂ ਇਕ ਜੂਨੀਅਰ ਡਾਕਟਰ ਦੀ ਵੀਰਵਾਰ ਦੇਰ ਰਾਤ ਸਿਹਤ ਵਿਗੜ ਗਈ। ਜਾਣਕਾਰੀ ਦਿੰਦਿਆਂ ਸੀਨੀਅਰ ਡਾਕਟਰ ਸੁਬਰਨਾ ਗੋਸਵਾਮੀ ਨੇ ਦੱਸਿਆ ਕਿ ਅਨਿਕੇਤ ਮਹਤੋ ਦੀ ਨਬਜ਼ ਦੀ ਦਰ ਘੱਟ ਗਈ ਸੀ, ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ ਸੀ।
ਫਿਲਹਾਲ ਅਨਿਕੇਤ ਨੂੰ ਆਰਜੀ ਕਾਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਅਨਿਕੇਤ ਜੂਨੀਅਰ ਡਾਕਟਰਾਂ ਨੂੰ ਇਨਸਾਫ ਦਿਵਾਉਣ ਲਈ ਪਿਛਲੇ 2 ਮਹੀਨਿਆਂ ਤੋਂ ਚੱਲ ਰਹੇ ਧਰਨੇ ਵਿੱਚ ਸ਼ਾਮਲ ਹੈ।
50 ਸੀਨੀਅਰ ਡਾਕਟਰਾਂ ਨੇ ਆਪਣੇ ਅਹੁਦਿਆਂ ਤੋਂ ਦਿੱਤਾ ਅਸਤੀਫਾ
ਇਸ ਦੇ ਨਾਲ ਹੀ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਕਰੀਬ 50 ਸੀਨੀਅਰ ਡਾਕਟਰਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਇਨ੍ਹਾਂ ਡਾਕਟਰਾਂ ਨੇ ਜੂਨੀਅਰ ਡਾਕਟਰਾਂ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਇਹ ਕਦਮ ਚੁੱਕਿਆ ਹੈ। ਕੋਲਕਾਤਾ 'ਚ ਜੂਨੀਅਰ ਡਾਕਟਰ 5 ਅਕਤੂਬਰ ਦੀ ਸ਼ਾਮ ਤੋਂ ਭੁੱਖ ਹੜਤਾਲ 'ਤੇ ਹਨ। ਉਹ ਸਿਹਤ ਸਕੱਤਰ ਐਨਐਸ ਨਿਗਮ ਨੂੰ ਹਟਾਉਣ ਸਮੇਤ 9 ਮੰਗਾਂ 'ਤੇ ਅੜੇ ਹੋਏ ਹਨ।
ਦੂਜੇ ਪਾਸੇ ਬੰਗਾਲ ਸਰਕਾਰ ਨੇ ਕਿਹਾ ਹੈ ਕਿ ਸਰਕਾਰ ਆਪਣੇ ਸਾਰੇ ਵਾਅਦੇ ਪੂਰੇ ਕਰ ਰਹੀ ਹੈ। ਮਮਤਾ ਸਰਕਾਰ ਨੇ ਡਾਕਟਰਾਂ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਡਾਕਟਰਾਂ ਨੇ ਇਸ ਤੋਂ ਪਹਿਲਾਂ 5 ਮੰਗਾਂ ਰੱਖੀਆਂ ਸਨ, ਜਿਨ੍ਹਾਂ 'ਚੋਂ ਸਰਕਾਰ ਨੇ 3 ਨੂੰ ਪੂਰਾ ਕੀਤਾ । ਰੇਪ-ਕਤਲ ਕਾਂਡ ਦੇ ਖਿਲਾਫ ਜੂਨੀਅਰ ਡਾਕਟਰਾਂ ਨੇ 10 ਅਗਸਤ ਤੋਂ 21 ਸਤੰਬਰ ਤੱਕ ਹੜਤਾਲ 'ਤੇ ਚਲੇ ਗਏ ਸਨ। ਸੀਐਮ ਮਮਤਾ ਨੇ ਦੋ ਹੋਰ ਮੰਗਾਂ ਤੇ ਸ਼ਰਤਾਂ 'ਤੇ ਵੀ ਵਿਚਾਰ ਕਰਨ ਦਾ ਭਰੋਸਾ ਦਿੱਤਾ ਸੀ।
ਇਸ ਤੋਂ ਬਾਅਦ ਡਾਕਟਰਾਂ ਨੇ ਹੜਤਾਲ ਖਤਮ ਕਰ ਦਿੱਤੀ ਤੇ ਹਸਪਤਾਲਾਂ 'ਚ ਕੰਮ 'ਤੇ ਪਰਤ ਆਏ ,ਪਰ ਫਿਰ 27 ਸਤੰਬਰ ਨੂੰ ਸਾਗਰ ਦੱਤਾ ਹਸਪਤਾਲ 'ਚ 3 ਡਾਕਟਰਾਂ ਤੇ 3 ਨਰਸਾਂ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ, ਜਿਸ ਕਾਰਨ ਡਾਕਟਰਾਂ ਨੇ ਗੁੱਸੇ 'ਚ ਆ ਕੇ 1 ਅਕਤੂਬਰ ਤੋਂ ਮੁੜ ਹੜਤਾਲ ਸ਼ੁਰੂ ਕਰ ਦਿੱਤੀ।
24 ਘੰਟਿਆਂ ਦਾ ਦਿੱਤਾ ਅਲਟੀਮੇਟਮ
4 ਅਕਤੂਬਰ ਨੂੰ ਜੂਨੀਅਰ ਡਾਕਟਰਾਂ ਨੇ ਹੜਤਾਲ ਖ਼ਤਮ ਕਰ ਦਿੱਤੀ ਪਰ ਧਰਨਾ ਜਾਰੀ ਰੱਖਿਆ । ਉਨ੍ਹਾਂ ਕਿਹਾ ਕਿ ਅਸੀਂ ਕੰਮ ’ਤੇ ਪਰਤ ਰਹੇ ਹਾਂ ਕਿਉਂਕਿ ਸਰਕਾਰੀ ਹਸਪਤਾਲਾਂ 'ਚ ਵੱਡੀ ਗਿਣਤੀ 'ਚ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਸੂਬਾ ਸਰਕਾਰ ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਮੁੜ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਜਿਸ 'ਚ ਅਨਿਕੇਤ ਦੀ ਸਿਹਤ ਵਿਗੜ ਗਈ।