ਕੋਲਕਾਤਾ ਵਿੱਚ ਇੱਕ ਸਿਖਿਆਰਥੀ ਡਾਕਟਰ ਦੇ ਬਲਾਤਕਾਰ-ਕਤਲ ਮਾਮਲੇ ਨੂੰ ਲੈ ਕੇ ਭਾਜਪਾ ਨੇ ਅੱਜ ਬੰਗਾਲ ਵਿੱਚ 12 ਘੰਟੇ ਦੇ ਬੰਦ ਦਾ ਸੱਦਾ ਦਿੱਤਾ ਹੈ। 27 ਅਗਸਤ ਨੂੰ ਨਬਾਣਾ ਮਾਰਚ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਦਾ ਭਾਜਪਾ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਦੀ ਪੁਲਸ ਨਾਲ ਝੜਪ ਹੋ ਗਈ ਅਤੇ ਫਿਰ ਪੁਲਸ ਨੇ ਉਨ੍ਹਾਂ 'ਤੇ ਲਾਠੀਚਾਰਜ ਕਰ ਦਿੱਤਾ। ਇਸ ਦੇ ਨਾਲ ਹੀ ਜਲ ਤੋਪਾਂ ਦਾ ਸਹਾਰਾ ਲਿਆ। ਭਾਜਪਾ ਨੇ ਪੁਲਿਸ ਕਾਰਵਾਈ ਦੇ ਵਿਰੋਧ ਵਿੱਚ ਪੱਛਮੀ ਬੰਗਾਲ ਵਿੱਚ 28 ਅਗਸਤ ਨੂੰ 12 ਘੰਟੇ ਦੇ ਬੰਦ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਸਤੀਫੇ ਦੀ ਮੰਗ ਕੀਤੀ ਗਈ ਹੈ।
ਕਈ ਟਰੇਨਾਂ ਨੂੰ ਰੋਕਿਆ
ਪੱਛਮੀ ਬੰਗਾਲ ਬੰਦ ਦੇ ਸਮਰਥਨ 'ਚ ਭਾਜਪਾ ਵਰਕਰ ਸੜਕਾਂ 'ਤੇ ਹਨ। ਇਸ ਦੌਰਾਨ ਉੱਤਰੀ 24 ਪਰਗਨਾ ਦੇ ਬੰਗਾਂਵ ਸਟੇਸ਼ਨ 'ਤੇ ਭਾਜਪਾ ਵਿਧਾਇਕ ਅਸ਼ੋਕ ਕੀਰਤਨੀਆ ਦੀ ਅਗਵਾਈ 'ਚ ਵਰਕਰਾਂ ਨੇ ਰੇਲ ਗੱਡੀ ਰੋਕ ਦਿੱਤੀ। ਪੁਲਿਸ ਨੇ ਦੱਸਿਆ ਕਿ ਸੂਬੇ ਭਰ ਵਿੱਚ 200 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਛੁੱਟੀ ਕਰਨ 'ਤੇ ਕੱਟੀ ਜਾਵੇਗੀ ਤਨਖਾਹ
ਮਮਤਾ ਸਰਕਾਰ ਨੇ ਕਿਹਾ ਹੈ ਕਿ ਕੋਈ ਬੰਦ ਨਹੀਂ ਹੈ ਅਤੇ ਦਫ਼ਤਰ ਨਾ ਪਹੁੰਚਣ ਵਾਲੇ ਸਰਕਾਰੀ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਰਕਾਰੀ ਕਰਮਚਾਰੀਆਂ ਲਈ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ 28 ਅਗਸਤ ਨੂੰ ਕਿਸੇ ਵੀ ਸਰਕਾਰੀ ਕਰਮਚਾਰੀ ਨੂੰ ਅਚਨਚੇਤ ਛੁੱਟੀ ਨਹੀਂ ਦਿੱਤੀ ਜਾਵੇਗੀ। ਨਾ ਹੀ ਪੂਰੇ ਦਿਨ ਲਈ ਕਿਸੇ ਦੀ ਛੁੱਟੀ ਮਨਜ਼ੂਰ ਕੀਤੀ ਜਾਵੇਗੀ। ਜਿਹੜੇ ਕਰਮਚਾਰੀ 27 ਅਗਸਤ ਨੂੰ ਛੁੱਟੀ 'ਤੇ ਸਨ, ਉਨ੍ਹਾਂ ਨੂੰ 28 ਅਗਸਤ ਨੂੰ ਡਿਊਟੀ 'ਤੇ ਪਰਤਣਾ ਪਵੇਗਾ। ਜੇਕਰ ਕੋਈ ਛੁੱਟੀ 'ਤੇ ਹੈ ਤਾਂ ਉਸ ਦੀ ਇਕ ਦਿਨ ਦੀ ਤਨਖਾਹ ਕੱਟੀ ਜਾਵੇਗੀ।