ਚੰਡੀਗੜ੍ਹ 'ਚ ਪੁਲਿਸ ਦੀ ਗੱਡੀ 'ਚੋਂ ਸ਼ਰਾਬ ਦੀ ਬੋਤਲ ਤੇ ਚਿਕਨ ਮਿਲਿਆ ਹੈ। ਇਸ ਦੀ ਵੀਡੀਓ ਬਣਾ ਕੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਵੀਡੀਓ ਵਿੱਚ ਨਜ਼ਰ ਆ ਰਹੇ ਲੋਕਾਂ ਨੇ ਕਿਹਾ ਕਿ ਪੀਸੀਆਰ ਵੈਨ ਵਿੱਚ ਪੁਲਿਸ ਮੁਲਾਜ਼ਮ ਸ਼ਰਾਬ ਪੀ ਰਹੇ ਹਨ। ਇਸ ਦੌਰਾਨ ਪੁਲਿਸ ਅਤੇ ਲੋਕਾਂ ਵਿਚਾਲੇ ਝੜਪ ਵੀ ਦੇਖਣ ਨੂੰ ਮਿਲੀ।
ਮਾਮਲੇ ਨੂੰ ਸ਼ਾਂਤ ਕਰਵਾਉਣ ਲਈ ਪਹੁੰਚੀ ਸੀ ਪੁਲਿਸ
ਪੁਲਿਸ ਨੂੰ ਬੁੱਧਵਾਰ ਰਾਤ ਨੂੰ ਇੰਦਰਾ ਕਾਲੋਨੀ 'ਚ ਲੜਾਈ ਹੋਣ ਦੀ ਸੂਚਨਾ ਮਿਲੀ ਸੀ। ਲੜਾਈ ਨੂੰ ਰੋਕਣ ਲਈ ਪੀਸੀਆਰ ਵੈਨ ਵਿੱਚ ਪੁਲਿਸ ਮੁਲਾਜ਼ਮ ਪੁੱਜੇ। ਇਸ ਦੌਰਾਨ ਪੁਲਿਸ ਨੇ ਹੀਰਾ ਅਤੇ ਗੋਪਾਲ ਨਾਂ ਦੇ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਜਦੋਂ ਉਹਨਾਂ ਨੂੰ ਗੱਡੀ ਦੇ ਅੰਦਰ ਬਿਠਾਇਆ ਗਿਆ ਤਾਂ ਉਹਨਾਂ ਨੇ ਇਲਾਕਾ ਵਾਸੀਆਂ ਨੂੰ ਸੂਚਨਾ ਦਿੱਤੀ ਕਿ ਗੱਡੀ ਵਿੱਚ ਸ਼ਰਾਬ ਅਤੇ ਚਿਕਨ ਪਿਆ ਹੈ।
ਇਲਾਕਾ ਵਾਸੀਆਂ ਨੇ ਕੀਤਾ ਹੰਗਾਮਾ
ਪੁਲਿਸ ਦੀ ਗੱਡੀ ’ਚੋਂ ਸ਼ਰਾਬ ਦੀ ਬੋਤਲ ਮਿਲਣ ’ਤੇ ਇਲਾਕਾ ਵਾਸੀਆਂ ਨੇ ਹੰਗਾਮਾ ਕਰ ਦਿੱਤਾ। ਇਸ 'ਤੇ ਉਥੇ ਮੌਜੂਦ ਲੋਕਾਂ ਨੇ ਪੀਸੀਆਰ ਮੁਲਾਜ਼ਮਾਂ ਦੇ ਨਾਲ ਕਾਰ ਵਿਚ ਸ਼ਰਾਬ ਦੀ ਬੋਤਲ ਅਤੇ ਚਿਕਨ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤੀ।
ਲੋਕਾਂ ਨੇ ਹੀ ਕਾਰ 'ਚ ਰੱਖੀ ਸ਼ਰਾਬ ਦੀ ਬੋਤਲ
ਪੁਲਿਸ ਦਾ ਕਹਿਣਾ ਹੈ ਕਿ ਲੋਕਾਂ ਨੇ ਜ਼ਬਰਦਸਤੀ ਪੀਸੀਆਰ ਗੱਡੀ ਵਿੱਚ ਸ਼ਰਾਬ ਦੀ ਬੋਤਲ ਰੱਖੀ ਸੀ। ਪੀਸੀਆਰ ਕਰਮਚਾਰੀਆਂ ਦਾ ਮੈਡੀਕਲ ਟੈਸਟ ਕੀਤਾ ਗਿਆ ਹੈ। ਜੇਕਰ ਟੈਸਟ 'ਚ ਸ਼ਰਾਬ ਦੀ ਪੁਸ਼ਟੀ ਹੋਈ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਉੱਚ ਅਧਿਕਾਰੀ ਪੁਲਿਸ ਨੂੰ ਬਚਾ ਰਹੇ ਹਨ - ਲੋਕ
ਲੋਕਾਂ ਦਾ ਦੋਸ਼ ਹੈ ਕਿ ਚੰਡੀਗੜ੍ਹ ਪੁਲਿਸ ਕੋਲ ਅਲਕੋਮੀਟਰ ਹੈ। ਉਹ ਵੱਖ-ਵੱਖ ਥਾਵਾਂ 'ਤੇ ਨਾਕੇ ਲਗਾ ਕੇ ਸ਼ਰਾਬ ਦੀ ਚੈਕਿੰਗ ਕਰਦੇ ਹਨ ਪਰ ਇਸ ਮਾਮਲੇ 'ਚ ਪੁਲਿਸ ਨੇ ਆਪਣਾ ਐਲਕੋਮੀਟਰ ਨਹੀਂ ਵਰਤਿਆ। ਉਹ ਆਪਣੇ ਪੁਲਿਸ ਵਾਲਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।