ਚੰਡੀਗੜ੍ਹ ਦੇ ਸੈਕਟਰ 32 'ਚ ਮੈਡੀਕਲ ਕਰਵਾਉਣ ਆਇਆ ਇੱਕ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਹੈ। ਫਰਾਰ ਕੈਦੀ ਦੀ ਪਛਾਣ ਗਗਨਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਹੁਣ ਕੈਦੀ ਦੀ ਭਾਲ ਵਿੱਚ ਜੁਟੀ ਹੋਈ ਹੈ। ਕੈਦੀ ਦੇ ਫਰਾਰ ਹੋਣ ਕਾਰਨ ਪੁਲਿਸ ਪ੍ਰਸ਼ਾਸਨ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
ਜੇਲ੍ਹ 'ਚ ਨਿਗਲ ਲਿਆ ਕੱਚ
ਦਰਅਸਲ ਕੈਦੀ ਗਗਨਦੀਪ ਸਿੰਘ ਨੇ ਜੇਲ੍ਹ 'ਚ ਕੱਚ ਨਿਗਲ ਲਿਆ ਸੀ। ਇਸੇ ਦਾ ਇਲਾਜ ਕਰਵਾਉਣ ਲਈ ਪੁਲਿਸ ਉਸ ਨੂੰ ਚੰਡੀਗੜ੍ਹ ਸੈਕਟਰ 32 ਦੇ ਸਰਕਾਰੀ ਸਕੂਲ ਵਿੱਚ ਇਲਾਜ ਲਈ ਲੈ ਆਈ। ਇਸ ਦੌਰਾਨ ਕੈਦੀ ਨੇ ਮੌਕਾ ਪਾ ਕੇ ਪੁਲਿਸ ਨੂੰ ਧੱਕਾ ਦੇ ਦਿੱਤਾ ਤੇ ਉਥੋਂ ਫਰਾਰ ਹੋ ਗਿਆ।
ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਭਜਿਆ
ਬੀਤੀ ਰਾਤ ਪੁਲਿਸ ਕੈਦੀ ਗਗਨਦੀਪ ਸਿੰਘ ਨੂੰ ਡਾਕਟਰੀ ਇਲਾਜ ਲਈ ਕਰੀਬ 1 ਵਜੇ ਸੈਕਟਰ-32 ਦੇ ਸਰਕਾਰੀ ਹਸਪਤਾਲ ਲੈ ਗਈ। ਪਰ ਇਸ ਦੌਰਾਨ ਕੈਦੀ ਨੇ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਦੇ ਦਿੱਤਾ ਤੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਫਰਾਰ ਹੋ ਗਿਆ।
ਚੰਡੀਗੜ੍ਹ ਪੁਲਿਸ 'ਚ ਮਾਮਲਾ ਦਰਜ
ਅੰਬਾਲਾ ਪੁਲਿਸ ਨੇ ਇਸ ਮਾਮਲੇ ਦੀ ਸ਼ਿਕਾਇਤ ਚੰਡੀਗੜ੍ਹ ਪੁਲਿਸ ਨੂੰ ਕਰ ਦਿੱਤੀ ਹੈ। ਮੁਲਜ਼ਮ ਕੈਦੀ ਖ਼ਿਲਾਫ਼ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋਣ ਦਾ ਕੇਸ ਵੀ ਦਰਜ ਕੀਤਾ ਜਾ ਰਿਹਾ ਹੈ। ਪੁਲਿਸ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ।