ਲੁਧਿਆਣਾ ਵਿਚ ਬੀਤੀ ਰਾਤ ਬਿਸਕੁੱਟਾਂ ਨਾਲ ਭਰੇ ਇਕ ਟਰੱਕ ਵਿਚ ਬਲਾਸਟ ਹੋ ਗਿਆ। ਇਹ ਹਾਦਸਾ ਮੰਗਲਵਾਰ ਰਾਤ ਲਗਭਗ 11 ਵਜੇ ਜਗਰਾਉਂ ਮੋਗਾ ਰੋਡ 'ਤੇ ਵਾਪਰਿਆ। ਜਾਣਕਾਰੀ ਅਨੁਸਾਰ ਗੁਰਦੁਆਰਾ ਨਾਨਕਸਰ ਸਾਹਿਬ ਦੇ ਬਾਹਰ ਪੁਲ 'ਤੇ ਜਾ ਰਹੇ ਇੱਕ ਟਰੱਕ ਵਿੱਚ ਧਮਾਕਾ ਹੋ ਗਿਆ। ਧਮਾਕਾ ਇੰਨਾ ਭਿਆਨਕ ਸੀ ਕਿ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਤਿੰਨ ਤੋਂ ਚਾਰ ਕਿਲੋਮੀਟਰ ਦਾ ਇਲਾਕਾ ਇਸ ਨਾਲ ਕੰਬ ਗਿਆ ਅਤੇ ਲੋਕ ਮੌਕੇ 'ਤੇ ਪਹੁੰਚ ਗਏ।
ਇਸ ਕਾਰਣ ਹੋਇਆ ਬਲਾਸਟ
ਚੌਕੀ ਬੱਸ ਸਟੈਂਡ ਦੇ ਪੁਲਸ ਅਧਿਕਾਰੀ ਬਲਰਾਜ ਸਿੰਘ ਅਨੁਸਾਰ ਟਰੱਕ ਪੀਬੀ 10 ਐੱਚਕਿਊ 8430 ਵਿੱਚ ਧਮਾਕੇ ਦਾ ਕਾਰਨ ਸਾਹਮਣੇ ਲੱਗੇ ਦੋ ਸੀਐਨਜੀ ਗੈਸ ਸਿਲੰਡਰਾਂ ਦਾ ਫਟਣਾ ਹੈ, ਜਿਸ ਤੋਂ ਬਾਅਦ ਟਰੱਕ ਦੇ ਪਰਖੱਚੇ ਉਡ ਗਏ। ਇਸ ਤੋਂ ਇਲਾਵਾ ਟਰੱਕ ਵਿੱਚ ਅੱਗ ਲੱਗਣ ਕਾਰਨ ਟਰੱਕ ਸੜ ਕੇ ਸੁਆਹ ਹੋ ਗਿਆ, ਜਿਸ ਕਾਰਨ ਟਰੱਕ ਵਿੱਚ ਭਰੇ ਬਿਸਕੁਟ ਵੀ ਸੜ ਗਏ।
ਡਰਾਈਵਰ ਨੇ ਛਾਲ ਮਾਰ ਬਚਾਈ ਜਾਨ
ਨਗਰ ਕੌਂਸਲ ਜਗਰਾਉਂ ਦੀ ਫਾਇਰ ਬ੍ਰਿਗੇਡ ਗੱਡੀ ਨੇ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਈ, ਪੁਲਸ ਨੇ ਪੁਲ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ। ਦੇਰ ਰਾਤ 11:30 ਵਜੇ ਵੀ ਟਰੱਕ ਵਿੱਚੋਂ ਧੂੰਆਂ ਨਿਕਲ ਰਿਹਾ ਸੀ। ਪੁਲਿਸ ਮੁਲਾਜ਼ਮਾਂ ਅਨੁਸਾਰ ਟਰੱਕ ਦੇ ਡਰਾਈਵਰ ਦਾ ਪਤਾ ਨਹੀਂ ਲੱਗ ਸਕਿਆ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੇ ਛਾਲ ਮਾਰ ਦਿੱਤੀ ਸੀ ਅਤੇ ਉਹ ਬਿਲਕੁਲ ਸੁਰੱਖਿਅਤ ਸੀ, ਪਰ ਉਨ੍ਹਾਂ ਨੂੰ ਵੀ ਇਹ ਨਹੀਂ ਪਤਾ ਸੀ ਕਿ ਉਹ ਕੌਣ ਸੀ ਅਤੇ ਇਸ ਸਮੇਂ ਕਿੱਥੇ ਹੈ।