ਦਿੱਲੀ ਦੇ ਸ਼ਾਹਦਰਾ ਵਿਵੇਕ ਵਿਹਾਰ ਇਲਾਕੇ ਵਿੱਚ ਸ਼ਨੀਵਾਰ ਦੇਰ ਰਾਤ ਇੱਕ ਬੇਬੀ ਕੇਅਰ ਸੈਂਟਰ ਵਿੱਚ ਅੱਗ ਲੱਗ ਗਈ। ਕਰੀਬ 12 ਬੱਚਿਆਂ ਨੂੰ ਅੱਗ ਤੋਂ ਬਚਾਇਆ ਗਿਆ। ਹਾਲਾਂਕਿ ਇਨ੍ਹਾਂ ਵਿੱਚੋਂ 6 ਨਵਜੰਮੇ ਬੱਚਿਆਂ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ, ਜਦੋਂ ਕਿ 6 ਨਵਜੰਮੇ ਬੱਚੇ ਹਸਪਤਾਲ ਵਿੱਚ ਦਾਖ਼ਲ ਹਨ। ਜਿਨ੍ਹਾਂ ਵਿੱਚੋਂ ਐਤਵਾਰ ਸਵੇਰੇ ਆਈਸੀਯੂ ਵਿੱਚ ਇੱਕ ਹੋਰ ਬੱਚੇ ਦੀ ਮੌਤ ਹੋ ਗਈ।
ਫਾਇਰ ਬ੍ਰਿਗੇਡ ਦੀਆਂ 16 ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ
ਜਾਣਕਾਰੀ ਮੁਤਾਬਕ ਸ਼ਨੀਵਾਰ ਰਾਤ ਕਰੀਬ 11.30 ਵਜੇ ਵਿਵੇਕ ਵਿਹਾਰ ਪੁਲਸ ਸਟੇਸ਼ਨ ਨੂੰ ਨਿਊ ਬੋਰਨ ਬੇਬੀ ਕੇਅਰ ਹਸਪਤਾਲ ਅਤੇ ਇਸ ਦੇ ਨਾਲ ਲੱਗਦੀ ਇਮਾਰਤ 'ਚ ਅੱਗ ਲੱਗਣ ਬਾਰੇ ਪੀ.ਸੀ.ਆਰ. ਕਾਲ ਆਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 16 ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।
ਅੱਗ ਲੱਗਣ ਕਾਰਨ ਆਕਸੀਜਨ ਸਿਲੰਡਰ ਫਟ ਗਿਆ
ਡੀਐਫਐਸ ਮੁਖੀ ਅਤੁਲ ਗਰਗ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅੱਗ ਨਾਲ ਹਸਪਤਾਲ ਦੇ ਅੰਦਰ ਰੱਖੇ ਕਈ ਆਕਸੀਜਨ ਸਿਲੰਡਰ ਵੀ ਫਟ ਗਏ। ਫਾਇਰ ਅਧਿਕਾਰੀ ਰਾਜੇਸ਼ ਨੇ ਦੱਸਿਆ ਕਿ ਅੱਗ ਨਾਲ ਦੋ ਇਮਾਰਤਾਂ, ਇੱਕ ਹਸਪਤਾਲ ਦੀ ਇਮਾਰਤ ਅਤੇ ਇੱਕ ਰਿਹਾਇਸ਼ੀ ਇਮਾਰਤ ਦੀਆਂ ਦੋ ਮੰਜ਼ਿਲਾਂ ਪ੍ਰਭਾਵਿਤ ਹੋਈਆਂ ਹਨ।
120 ਗਜ਼ ਦੀ ਇਮਾਰਤ ਵਿੱਚ ਬਣਿਆ ਬੇਬੀ ਕੇਅਰ ਸੈਂਟਰ
ਦਿੱਲੀ ਫਾਇਰ ਡਿਪਾਰਟਮੈਂਟ ਮੁਤਾਬਕ ਬੇਬੀ ਕੇਅਰ ਸੈਂਟਰ 120 ਗਜ਼ ਦੀ ਇਮਾਰਤ ਵਿੱਚ ਬਣਿਆ ਹੈ। ਪਹਿਲੀ ਮੰਜ਼ਿਲ ਤੋਂ 12 ਬੱਚਿਆਂ ਨੂੰ ਬਚਾਇਆ ਗਿਆ, ਜਿਨ੍ਹਾਂ 'ਚੋਂ 7 ਦੀ ਹਸਪਤਾਲ 'ਚ ਮੌਤ ਹੋ ਗਈ ਅਤੇ 5 ਅਜੇ ਵੀ ਦਾਖਲ ਹਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।