ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅੱਜ ਐਡਵੋਕੇਟ ਸ਼ਾਹਬਾਜ਼ ਸੋਹੀ ਨਾਲ ਵਿਆਹ ਦੇ ਬੰਧਨ ਚ ਬੱਝ ਚੁਕੇ ਹਨ | ਉਨਾਂ ਨੇ ਜ਼ੀਰਕਪੁਰ ਦੇ ਗੁਰਦੁਆਰਾ ਨਾਭਾ ਸਾਹਿਬ ਵਿਖੇ ਲਾਵਾਂ ਲੈ ਲਈਆਂ ਹਨ। ਦੱਸ ਦੇਈਏ ਕਿ ਅਨਮੋਲ ਗਗਨ ਮਾਨ ਦਾ ਵਿਆਹ ਮਸ਼ਹੂਰ ਐਡਵੋਕੇਟ ਸ਼ਾਹਬਾਜ਼ ਸਿੰਘ ਸੋਹੀ ਨਾਲ ਹੋਇਆ ਹੈ।ਪੇਸ਼ੇ ਤੋਂ ਵਕੀਲ ਸ਼ਹਿਬਾਜ਼ ਪਰਿਵਾਰ ਨਾਲ ਜ਼ੀਰਕਪੁਰ ਵਿਖੇ ਰਹਿੰਦੇ ਹਨ। ਦਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਵਿਆਹ ਸਮਾਰੋਹ ‘ਚ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਰਹੇ ਹਨ।
ਜ਼ੀਰਕਪੁਰ ਸਥਿਤ ਮੈਰਿਜ ਪੈਲਸ ‘ਚ ਹੋਵੇਗੀ ਵਿਆਹ ਦੀ ਪਾਰਟੀ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਨਮੋਲ ਗਗਨ ਮਾਨ ਦੇ ਘਰ ਮਹਿੰਦੀ ਦੀ ਰਸਮ ਅਦਾ ਕੀਤੀ ਗਈ ਸੀ ਅਤੇ ਜਾਗੋ ਦਾ ਪ੍ਰੋਗਰਾਮ ਵੀ ਹੋਇਆ ਸੀ।ਇਹ ਸਾਰੀਆਂ ਰਸਮਾਂ ਚੰਡੀਗੜ੍ਹ ਦੇ ਸੈਕਟਰ 39 ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਨਿਭਾਈਆਂ ਗਈਆਂ ਹਨ। ਇਸ ਵਿਆਹ ਸਮਾਗਮ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਸ਼ਿਰਕਤ ਕੀਤੀ।ਉਨ੍ਹਾਂ ਦੇ ਵਿਆਹ ਦੀ ਪਾਰਟੀ ਜ਼ੀਰਕਪੁਰ ਸਥਿਤ ਮੈਰਿਜ ਪੈਲਸ ‘ਚ ਹੋਵੇਗੀ। ਇਸ ਦੌਰਾਨ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਠੋਸ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਮਹਿਮਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ|
ਕਿੱਤਾ ਛੱਡ ਕੇ ਰਾਜਨੀਤੀ ਚ ਲਿਆ ਹਿੱਸਾ
ਅਨਮੋਲ ਗਗਨ ਮਾਨ ਇਕ ਪੰਜਾਬੀ ਗਾਇਕਾ ਸੀ। ਉਨ੍ਹਾਂ ਅਪਣਾ ਕਿੱਤਾ ਛੱਡ ਕੇ ਆਮ ਆਦਮੀ ਪਾਰਟੀ ਤੋਂ ਰਾਜਨੀਤੀ 'ਚ ਕਦਮ ਰੱਖਿਆ। 2022 ’ਚ ਉਨ੍ਹਾਂ ਨੂੰ ਮੁਹਾਲੀ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖਰੜ ਤੋਂ ਟਿਕਟ ਮਿਲੀ। ਉਨ੍ਹਾਂ ਚੋਣਾਂ ’ਚ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੂੰ ਹਰਾਇਆ ਸੀ।
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਾਗਵਤ ਮਾਨ ਨੇ 7 ਜੁਲਾਈ 2022 ਨੂੰ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 25 ਮਾਰਚ 2023 ਨੂੰ ਆਈ.ਪੀ.ਐਸ. ਅਧਿਕਾਰੀ ਜੋਤੀ ਯਾਦਵ ਨਾਲ ਵਿਆਹ ਕੀਤਾ ਸੀ। ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ 7 ਨਵੰਬਰ 2023 ਨੂੰ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਡਾ. ਗੁਰਵੀਨ ਕੌਰ ਨਾਲ ਵਿਆਹ ਕਰਵਾਇਆ ਜੋ ਕਿ ਮੇਦਾਂਤਾ ਹਸਪਤਾਲ, ਗੁਰੂਗ੍ਰਾਮ ’ਚ ਇਕ ਰੇਡੀਓਲੋਜਿਸਟ ਵਜੋਂ ਕੰਮ ਕਰ ਰਹੀ ਹੈ।