ਸ੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ ਵਿਚ ਬੰਦ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁੁਲਜ਼ਮਾਂ ਕੋਲੋਂ ਮੋਬਾਈਲ ਫ਼ੋਨ ਬਰਾਮਦ ਹੋਏ ਹਨ। ਜੇਲ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ, ਜਿਸ ਤੋਂ ਬਾਅਦ ਮੁਲਜ਼ਮ ਕੇਸ਼ਵ ਕੁਮਾਰ ਤੇ ਪਵਨ ਨੇਹਰਾ ਕੋਲੋਂ ਇਹ ਮੋਬਾਈਲ ਫੋਨ ਫੜੇ ਗਏ।
ਜੇਲ ਪ੍ਰਸ਼ਾਸਨ ਨੇ ਇਸ ਸਬੰਧੀ ਸ਼ਿਕਾਇਤ ਦਿੱਤੀ, ਇਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ। ਮੁਲਜ਼ਮਾਂ ਨੂੰ ਪ੍ਰੀਜ਼ਨ ਐਕਟ 1894 ਦੀ ਧਾਰਾ 52ਏ ਤਹਿਤ ਨਾਮਜ਼ਦ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫੋਨ ਓਪੋ ਤੇ ਰੈਡਮੀ ਕੰਪਨੀ ਦੇ ਸਨ।
ਗੈਂਗਸਟਰ ਸੰਪਤ ਨਹਿਰਾ ਦਾ ਭਰਾ ਹੈ ਪਵਨ ਨਹਿਰਾ
ਦੱਸ ਦੇਈਏ ਕਿ ਪਵਨ ਨਹਿਰਾ 'ਤੇ ਧਾਰਾ 302 ਤੋਂ ਇਲਾਵਾ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦੇਣ ਤਹਿਤ ਦਿੱਲੀ ਤੋਂ ਇਲਾਵਾ ਹੋਰ ਵੱਖ-ਵੱਖ ਥਾਣਿਆਂ ਵਿਚ ਕਈ ਅਪਰਾਧਿਕ ਮਾਮਲੇ ਦਰਜ ਹਨ। ਇਸ ਦਾ ਭਰਾ ਗੈਂਗਸਟਰ ਸੰਪਤ ਨਹਿਰਾ ਜੋ ਕੈਨੇਡਾ ਵਿਚ ਮੌਜੂਦ ਹੈ, ਵਿਰੁਧ ਵੀ ਕਈ ਮਾਮਲੇ ਦਰਜ ਹਨ ਅਤੇ ਪੁਲਸ ਨੂੰ ਲੰਮੇ ਸਮੇਂ ਤੋਂ ਲੋੜੀਂਦਾ ਹੈ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਨਾਮਜ਼ਦ ਮੁਲਜ਼ਮ ਕੇਸ਼ਵ ਕੁਮਾਰ ਵਿਰੁਧ ਵੀ ਥਾਣਾ ਮਾਨਸਾ ਵਿਖੇ 302 ਧਾਰਾ ਤਹਿਤ ਮਾਮਲਾ ਦਰਜ ਹੈ।