ਪੰਜਾਬ ਵਿਚ ਬਰਨਾਲਾ ਅਤੇ ਮੁੱਲਾਂਪੁਰ ਦੇ ਟੋਲ ਪਲਾਜ਼ੇ ਬੰਦ ਨਹੀਂ ਹੋਣਗੇ। ਚੰਡੀਗੜ੍ਹ ਅਦਾਲਤ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ 'ਤੇ ਰੋਕ ਲਗਾ ਦਿੱਤੀ ਹੈ। ਟੋਲ ਕੰਪਨੀ ਰੋਹਨ ਰਾਜਦੀਪ ਨੇ ਪੰਜਾਬ ਸਰਕਾਰ ਦੇ ਇਨ੍ਹਾਂ ਨੂੰ ਬੰਦ ਕਰਨ ਦੇ ਇਸ ਫੈਸਲੇ ਵਿਰੁੱਧ ਚੰਡੀਗੜ੍ਹ ਟ੍ਰਿਬਿਊਨਲ ਅਦਾਲਤ ਵਿੱਚ ਅਪੀਲ ਕੀਤੀ ਸੀ।
ਇਸ ਤੋਂ ਪਹਿਲਾਂ ਕੰਪਨੀ ਨੇ ਪੰਜਾਬ ਸਰਕਾਰ ਨੂੰ ਕੋਰੋਨਾ ਅਤੇ ਕਿਸਾਨ ਅੰਦੋਲਨ ਦਾ ਹਵਾਲਾ ਦਿੰਦੇ ਹੋਏ ਦੋਵਾਂ ਟੋਲ ਨੂੰ 448 ਦਿਨ ਵਧਾਉਣ ਲਈ ਕਿਹਾ ਸੀ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੰਪਨੀ ਦੀ ਮੰਗ ਨੂੰ ਰੱਦ ਕਰਦਿਆਂ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ ਕਿ ਇਹ ਦੋਵੇਂ ਟੋਲ ਪਲਾਜ਼ੇ 2 ਅਪ੍ਰੈਲ ਦੀ ਅੱਧੀ ਰਾਤ 12 ਵਜੇ ਤੋਂ ਬੰਦ ਕਰ ਦਿੱਤੇ ਜਾਣਗੇ। ਇਸ ਤੋਂ ਬਾਅਦ ਕੰਪਨੀ ਟ੍ਰਿਬਿਊਨਲ ਕੋਰਟ ਪਹੁੰਚੀ।
ਕੰਪਨੀ ਨੇ ਅਦਾਲਤ ਵਿੱਚ ਇਹ ਦਲੀਲ ਦਿੱਤੀ
ਉਨ੍ਹਾਂ ਨੇ ਕਰੋਨਾ ਦੇ ਦੌਰ ਅਤੇ ਕਿਸਾਨ ਅੰਦੋਲਨ ਦੌਰਾਨ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਦਲੀਲ ਦਿੱਤੀ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ 23 ਮਈ ਨੂੰ ਹੋਵੇਗੀ। ਉਦੋਂ ਤੱਕ ਪੰਜਾਬ ਸਰਕਾਰ ਵੱਲੋਂ ਬੰਦ ਕੀਤੇ ਟੋਲ ਪਲਾਜ਼ੇ ਖੁੱਲ੍ਹੇ ਰਹਿਣਗੇ।
CM ਮਾਨ ਨੇ 3 ਦਿਨ ਪਹਿਲਾਂ ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ ਕੀਤਾ ਸੀ
ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 30 ਮਾਰਚ ਨੂੰ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਟੋਲ ਪਲਾਜ਼ਾ ਬੰਦ ਕਰਨ ਦਾ ਐਲਾਨ ਕੀਤਾ ਸੀ। ਐਕਸ 'ਤੇ ਲਿਖਿਆ ਸੀ ਕਿ ਲੁਧਿਆਣਾ ਤੋਂ ਬਰਨਾਲਾ ਵਾਇਆ ਸੁਧਾਰ ਤੇ ਰਾਏਕੋਟ ਮਹਿਲ ਕਲਾਂ ਤੱਕ ਦੋ ਟੋਲ ਪਲਾਜ਼ੇ ਹਨ। ਮੁੱਲਾਂਪੁਰ ਦੇ ਪਿੰਡ ਰਕਬਾ ਵਿਖੇ ਟੋਲ ਪਲਾਜ਼ਾ ਅਤੇ ਬਰਨਾਲਾ ਦੇ ਮਹਿਲ ਕਲਾਂ ਵਿਖੇ ਟੋਲ ਪਲਾਜ਼ਾ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ।