ਪੰਜਾਬ ਦੇ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਅੱਜ ਦੂਜੀ ਬਰਸੀ ਉਤੇ ਸਿੱਧੂ ਦੇ ਮਾਪੇ ਪਿੰਡ ਵਿਚ ਬਣੀ ਸਿੱਧੂ ਦੇ ਸਮਾਰਕ ਉਤੇ ਸ਼ਰਧਾਂਜਲੀ ਦੇਣ ਪਹੁੰਚੇ। ਅੱਜ ਤੋਂ ਦੋ ਸਾਲ ਪਹਿਲਾਂ 29 ਮਈ 2022 ਦਾ ਉਹ ਕਾਲਾ ਦਿਨ ਸੀ ਜਦੋਂ ਮਰਹੂਮ ਗਾਇਕ ਨੂੰ ਹਮਲਾਵਰਾਂ ਨੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਨਾਲ ਮਾਰ ਦਿੱਤਾ ਸੀ। ਉਸ ਵਕਤ ਉਹ ਆਪਣੇ ਦੋਸਤਾਂ ਨਾਲ ਆਪਣੇ ਨਾਲ ਦੇ ਪਿੰਡ ਜਾ ਰਿਹਾ ਸੀ, ਜ਼ਿਕਰਯੋਗ ਹੈ ਕਿ ਉਸ ਸਮੇਂ ਸਿੱਧੂ ਮੂਸੇਵਾਲਾ ਦੀ ਸਕਿਓਰਿਟੀ ਘਟਾ ਦਿੱਤੀ ਗਈ ਸੀ।
ਪਰਿਵਾਰ ਨੇ ਸਮਾਰਕ ਉਤੇ ਸ਼ਰਧਾਂਜਲੀ ਕੀਤੀ ਭੇਟ
ਸਮਾਰਕ ਉਤੇ ਪੁੱਜੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਦੇ ਬੁੱਤ ‘ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਹੰਝੂ ਭਰੀਆਂ ਅੱਖਾਂ ਨਾਲ ਪੁੱਤ ਨੂੰ ਯਾਦ ਕੀਤਾ। ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਇਸ ਸਾਲ ਪਿੰਡ ਪੱਧਰ ’ਤੇ ਹੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਕਿਉਂਕਿ ਚੋਣਾਂ ਚੱਲ ਰਹੀਆਂ ਹਨ। ਤਾਂ ਜੋ ਕੋਈ ਵੀ ਇਸ ਮੌਕੇ ਦਾ ਸਿਆਸੀ ਲਾਹਾ ਨਾ ਲੈ ਸਕੇ।
ਉਨ੍ਹਾਂ ਕਿਹਾ ਕਿ ਪਰਿਵਾਰ ਨਹੀਂ ਚਾਹੁੰਦਾ ਕਿ ਕੋਈ ਇਹ ਪ੍ਰੋਗਰਾਮ ਕਿਸੇ ਰੈਲੀ ਵਿੱਚ ਬਦਲੇ ਅਤੇ ਕੋਈ ਲੀਡਰ ਸਿਆਸੀ ਲਾਹਾ ਲਵੇ। ਪਰ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਕੋਈ ਪਾਬੰਦੀ ਨਹੀਂ ਹੈ। ਪਿਤਾ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਦੋ ਸਾਲ ਬੀਤ ਚੁੱਕੇ ਹਨ। ਦੋ ਸਾਲਾਂ ਵਿੱਚ ਅਦਾਲਤ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰਨ ਵਿੱਚ ਹੀ ਸਫ਼ਲ ਰਹੀ ਹੈ। ਫਿਲਹਾਲ ਅਦਾਲਤ ‘ਚ ਛੁੱਟੀਆਂ ਹਨ ਅਤੇ ਉਸ ਤੋਂ ਬਾਅਦ ਹੀ ਕਾਰਵਾਈ ਅੱਗੇ ਵਧੇਗੀ।
ਮਾਂ ਚਰਨ ਕੌਰ ਨੇ ਸਾਂਝੀ ਕੀਤੀ ਭਾਵੁਕ ਪੋਸਟ
ਮਾਂ ਚਰਨ ਕੌਰ ਨੇ ਇਸ ਮੌਕੇ ਸੋਸ਼ਲ ਮੀਡੀਆ ਉਤੇ ਇਕ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ। ਜਿਸ ਵਿਚ ਉਨਾਂ ਲਿਖਿਆ ਕਿ ਸ਼ੁੱਭ ਪੁੱਤ ਅੱਜ ਪੂਰੇ 730 ਦਿਨ 17532 ਘੰਟੇ 1051902 ਮਿੰਟ ਅਤੇ 63115200 ਸੈਕਿੰਡ ਗੁਜ਼ਰ ਗਏ ਪੁੱਤ ਤੁਹਾਨੂੰ ਘਰ ਦੀ ਦਹਿਲੀਜ ਲੰਘੇ ਨੂੰ ਮੇਰੀਆਂ ਅਰਦਾਸਾਂ ਤੇ ਮੰਨਤਾਂ ਦਾ ਸੁੱਚਾ ਫਲ ਢਲਦੀ ਸ਼ਾਮ ਨਾਲ ਸਾਡੇ ਬਿਨਾ ਕਿਸੇ ਗੁਨਾਹ ਤੋਂ ਬਣੇ ਦੁਸ਼ਮਣਾਂ ਨੇ ਮੇਰੀ ਕੁੱਖ ਚੋਂ ਖੋਹ ਲਿਆ ਤੇ ਪੁੱਤ ਅਜਿਹਾ ਹਨੇਰਾ ਕੀਤਾ, ਜਿਸ ਮਗਰੋਂ ਉਮੀਦ ਦਾ ਸੂਰਜ ਚੜਨ ਦੀ ਉਮੀਦ ਖੁਦ ਉਮੀਦ ਨੂੰ ਵੀ ਨਹੀਂ ਸੀ, ਪਰ ਬੇਟਾ ਗੁਰੂ ਮਹਾਰਾਜ ਤੁਹਾਡੀ ਸੋਚ ਤੇ ਸੁਪਨਿਆ ਤੋਂ ਵਾਕਿਫ ਸੀ, ਇਸ ਲਈ ਪੁੱਤ ਮੇਰਾ ਪੁੱਤ ਮੈਨੂੰ ਦੁਬਾਰਾ ਬਖਸ਼ਿਆ, ਬੇਟਾ ਮੈਂ ਤੇ ਤੁਹਾਡੇ ਬਾਬੂ ਜੀ ਤੁਹਾਡਾ ਨਿੱਕਾ ਵੀਰ ਤੁਹਾਡੀ ਮੌਜੂਦਗੀ ਨੂੰ ਸਦਾ ਇਸ ਜਹਾਨ ਵਿਚ ਬਰਕਰਾਰ ਰੱਖਾਂਗੇ ਬੇਸ਼ੱਕ ਮੈਂ ਤੁਹਾਨੂੰ ਸਰੀਰਕ ਤੌਰ ਤੇ ਦੇਖ ਨਹੀਂ ਸਕਦੀ ਪਰ ਮਨ ਦੀਆਂ ਅੱਖਾਂ ਨਾਲ ਮਹਿਸੂਸ ਕਰ ਸਕਦੀ ਆ ਜੋ ਮੈਂ ਇਨਾਂ ਦੋ ਸਾਲਾਂ ਤੋਂ ਕਰਦੀ ਆ ਰਹੀ ਆ ਪੁੱਤ ਅੱਜ ਦਾ ਦਿਨ ਬੜਾ ਔਖਾ ਪੁੱਤ!
ਸਮਾਰਕ ਉਤੇ ਪੁੱਜੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਦੇ ਬੁੱਤ ‘ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਹੰਝੂ ਭਰੀਆਂ ਅੱਖਾਂ ਨਾਲ ਪੁੱਤ ਨੂੰ ਯਾਦ ਕੀਤਾ। ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਇਸ ਸਾਲ ਪਿੰਡ ਪੱਧਰ ’ਤੇ ਹੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਕਿਉਂਕਿ ਚੋਣਾਂ ਚੱਲ ਰਹੀਆਂ ਹਨ। ਤਾਂ ਜੋ ਕੋਈ ਵੀ ਇਸ ਮੌਕੇ ਦਾ ਸਿਆਸੀ ਲਾਹਾ ਨਾ ਲੈ ਸਕੇ।
ਚੰਨੀ ਨੇ ਇਨਸਾਫ ਦਾ ਦਿੱਤਾ ਭਰੋਸਾ
ਕਾਂਗਰਸ ਉਮੀਦਵਾਰ ਚਰਨਜੀਤ ਚੰਨੀ ਨੇ ਇਕ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਸਿੱਧੂ ਮੂਸੇਵਾਲਾ ਪੰਜਾਬ ਦੀ ਹੀਰਾ ਪੁੱਤ ਸੀ । ਉਸਦੀ ਬਰਸੀ ਮੌਕੇ ਮੈਂ ਸ਼ਰਧਾਂਜਲੀ ਭੇਟ ਕਰਦਾ ਤੇ ਮੈਂ ਉਸਦੇ ਸਾਰੇ ਪ੍ਰਸ਼ੰਸ਼ਕਾਂ ਨੂੰ ਵਿਸ਼ਵਾਸ ਦਵਾਉੰਦਾ ਹਾਂ ਕਿ ਸਮਾਂ ਆਉਣ ਤੇ ਅਸੀਂ ਮੂਸੇਵਾਲੇ ਦੇ ਪਰਿਵਾਰ ਨੂੰ ਇਨਸਾਫ਼ ਜ਼ਰੂਰ ਲੈ ਕੇ ਦਿਆਂਗੇ।
ਇਸ ਮੌਕੇ ਕਈ ਕਲਾਕਾਰ ਪੋਸਟਾਂ ਸਾਂਝੀਆਂ ਕਰ ਕੇ ਸਿੱਧੂ ਨੂੰ ਸ਼ਰਧਾਂਜਲੀ ਦੇ ਰਹੇ ਹਨ ਅਤੇ ਨਾਲ ਹੀ ਇਨਸਾਫ਼ ਦੀ ਮੰਗ ਕਰ ਰਹੇ ਹਨ। ਉਥੇ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਵੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦਿਆਂ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸਿੱਧੂ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਹ ਦੋਵੇਂ ਬੈਠੇ ਹੱਸਦੇ ਹੋਏ ਨਜ਼ਰ ਆ ਰਹੇ ਹਨ। ਚੰਨੀ ਨੇ ਇਕ ਹੋਰ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਹ ਸਿੱਧੂ ਦੀ ਤਸਵੀਰ ਹੱਥ 'ਚ ਫੜ੍ਹ ਕੇ ਉਸ ਲਈ ਇਨਸਾਫ਼ ਮੰਗਦੇ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕੈਪਸ਼ਨ 'ਚ ਲਿਖਿਆ ਹੈ, ''ਪੰਜਾਬ ਦੇ ਹੀਰੇ ਵਰਗੇ ਪੁੱਤ ਸਿੱਧੂ ਮੂਸੇਵਾਲਾ ਦੀ ਅੱਜ ਦੂਜੀ ਬਰਸੀ ਹੈ ਪਰ 2 ਸਾਲ ਬੀਤਣ 'ਤੇ ਵੀ ਉਸ ਦੇ ਕਾਤਲਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ ਪਰ ਸਿੱਧੂ ਮੂਸੇਵਾਲੇ ਦੇ ਇਨਸਾਫ਼ ਦੀ ਲੜਾਈ ਅਸੀਂ ਜਾਰੀ ਰੱਖਾਂਗੇ ਅਤੇ ਸਮਾਂ ਆਉਣ 'ਤੇ ਇਸ ਦਾ ਇਨਸਾਫ਼ ਅਸੀਂ ਜ਼ਰੂਰ ਕਰਾਂਗੇ।
ਰਾਣਾ ਗੁਰਜੀਤ ਨੇ ਭੇਟ ਕੀਤੀ ਸਰਧਾਂਜਲੀ
ਰਾਣਾ ਗੁਰਜੀਤ ਨੇ ਟਵੀਟ ਕਰਦਿਆਂ ਕਿਹਾ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੱਜ ਦੂਸਰੀ ਬਰਸੀ ਮੌਕੇ ਮੈਂ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕਰਦਾ ਹਾਂ। ਸਿੱਧੂ ਮੂਸੇਵਾਲਾ ਨੇ ਆਪਣੀ ਮਿਹਨਤ ਤੇ ਲਗਨ ਨਾਲ ਆਪਣੇ ਮਾਤਾ ਪਿਤਾ ਤੋਂ ਇਲਾਵਾ ਪੂਰੇ ਪੰਜਾਬ ਦਾ ਵੀ ਨਾਮ ਦੁਨੀਆਂ ਭਰ ‘ਚ ਰੌਸ਼ਨ ਕੀਤਾ। ਪ੍ਰਮਾਤਮਾ ਉਨ੍ਹਾਂ ਦੇ ਪਰਿਵਾਰ ਨੂੰ ਜਲਦੀ ਇਨਸਾਫ਼ ਦਿਵਾਵੇ।