ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦਿੱਲੀ ਵੱਲ ਕਿਸਾਨਾਂ ਦੇ ਮਾਰਚ ਦੌਰਾਨ ਆਪਣੇ ਪੁੱਤਰ ਨੂੰ ਯਾਦ ਕੀਤਾ। ਬਲਕੌਰ ਸਿੰਘ ਨੇ ਐਕਸ 'ਤੇ ਇਕ ਪੋਸਟ ਲਿਖੀ ਕਿ 29 ਮਈ 2022 ਨੂੰ ਉਸ ਦੇ ਪੁੱਤਰ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ, ਉਦੋਂ ਤੋਂ ਹੀ ਪਿਤਾ ਬਲਕੌਰ ਸਿੰਘ ਇਨਸਾਫ਼ ਲਈ ਯਤਨਸ਼ੀਲ ਹਨ।
ਆਪਣੀ ਮਿੱਟੀ ਦੇ ਬਹੁਤ ਨੇੜੇ ਸੀ ਸਿੱਧੂ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਸ ਦਾ ਪੁੱਤ ਸ਼ੁਭਦੀਪ ਸਿੱਧੂ ਖੇਤਾਂ ਦੀ ਮਿੱਟੀ ਦੇ ਨੇੜੇ ਸੀ, ਆਪਣੀ ਮਿੱਟੀ ਨਾਲ ਉਨ੍ਹਾਂ ਦੇ ਪਿਆਰ ਨੇ ਉਨ੍ਹਾਂ ਨੂੰ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਲਈ ਪ੍ਰੇਰਿਤ ਕੀਤਾ, ਜੇਕਰ ਉਹ ਅੱਜ ਸਾਡੇ ਵਿਚਕਾਰ ਹੁੰਦਾ ਤਾਂ ਉਹ ਇਸ ਕਿਸਾਨੀ ਅੰਦੋਲਨ ਵਿਚ ਸਭ ਤੋਂ ਅੱਗੇ ਹੁੰਦਾ।
ਟਰੈਕਟਰਾਂ ਨਾਲ ਸੀ ਪਿਆਰ
ਦੱਸ ਦੇਈਏ ਕਿ ਢਾਈ ਸਾਲ ਪਹਿਲਾਂ ਸ਼ੁਰੂ ਹੋਏ ਕਿਸਾਨ ਅੰਦੋਲਨ ਵਿੱਚ ਸਿੱਧੂ ਮੂਸੇਵਾਲਾ ਨੇ ਵੀ ਇਸ ਦਾ ਸਮਰਥਨ ਕੀਤਾ ਸੀ। ਭਾਵੇਂ ਸਿੱਧੂ ਮੂਸੇਵਾਲਾ ਮਿਊਜ਼ਿਕ ਇੰਡਸਟਰੀ ਦਾ ਬਾਦਸ਼ਾਹ ਬਣ ਚੁੱਕਾ ਸੀ ਪਰ ਫਿਰ ਵੀ ਉਸ ਦਾ ਟਰੈਕਟਰਾਂ ਨਾਲ ਪਿਆਰ ਹਮੇਸ਼ਾ ਬਣਿਆ ਰਿਹਾ।
ਇੱਕ ਵੱਡਾ ਤੇ ਮਸ਼ਹੂਰ ਗਾਇਕ ਹੋਣ ਦੇ ਬਾਵਜੂਦ ਸਿੱਧੂ ਦੇ ਪ੍ਰਸ਼ੰਸਕਾਂ ਨੇ ਉਸ ਨੂੰ ਖੇਤਾਂ ਵਿੱਚ ਕੰਮ ਕਰਦੇ ਦੇਖਿਆ। ਇੱਥੇ ਹੀ ਬੱਸ ਨਹੀਂ ਪਿੰਡ ਮੂਸਾ ਵਿੱਚ ਜਦੋਂ ਸਿੱਧੂ ਮੂਸੇਵਾਲਾ ਦੀ ਆਲੀਸ਼ਾਨ ਹਵੇਲੀ ਬਣ ਰਹੀ ਸੀ ਤਾਂ ਸਿੱਧੂ ਖੁਦ ਆਪਣੇ ਟਰੈਕਟਰ-ਟਰਾਲੀ ਵਿੱਚ ਮਿੱਟੀ ਲੈ ਕੇ ਆਉਂਦਾ ਸੀ।
ਗੀਤਾਂ ਵਿੱਚ ਦਿਖਾਏ ਜਾਂਦੇ ਸਨ ਟਰੈਕਟਰ
5911 ਦਾ ਜ਼ਿਕਰ ਸਿੱਧੂ ਮੂਸੇਵਾਲਾ ਦੇ ਗੀਤਾਂ ਵਿੱਚ ਵੀ ਕਈ ਵਾਰ ਕੀਤਾ ਗਿਆ ਹੈ।ਵਾਹਨਾਂ ਦੇ ਨਾਲ-ਨਾਲ, ਮੂਸੇਵਾਲਾ ਦੀ ਕੁਲੈਕਸ਼ਨ ਵਿੱਚ ਇੱਕ ਨਹੀਂ ਸਗੋਂ ਚਾਰ ਤੋਂ ਪੰਜ 5911 ਟਰੈਕਟਰ ਵੀ ਸ਼ਾਮਲ ਹਨ, ਜੋ ਸਿੱਧੂ ਮੂਸੇਵਾਲਾ ਨੇ ਆਪਣੇ ਗੀਤਾਂ ਵਿੱਚ ਵਰਤੇ ਹਨ।
ਮੂਸੇਵਾਲਾ ਦਾ ਕਤਲ 2022 ਵਿੱਚ ਹੋਇਆ ਸੀ
ਮਾਨਸਾ ਦੇ ਪਿੰਡ ਜਵਾਹਰਕੇ ਵਿੱਚ 29 ਮਈ 2022 ਨੂੰ ਅੰਨ੍ਹੇਵਾਹ ਗੋਲੀਬਾਰੀ ਕਰ ਕੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ। ਬਾਅਦ ਵਿੱਚ ਲਾਰੈਂਸ ਅਤੇ ਗੋਲਡੀ ਬਰਾੜ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ। ਪੁਲਸ ਨੇ ਇਸ ਮਾਮਲੇ ਵਿੱਚ 30 ਤੋਂ ਵੱਧ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।