ਰੇਲਵੇ ਇਸ ਸਮੇਂ ਆਪਣੇ ਸਭ ਤੋਂ ਮਾੜੇ ਦੌਰ 'ਚੋਂ ਗੁਜ਼ਰ ਰਿਹਾ ਹੈ, ਕਿਉਂਕਿ ਹਰ ਰੋਜ਼ ਕੋਈ ਨਾ ਕੋਈ ਟਰੇਨ ਜਾਂ ਰੇਲਵੇ ਨੂੰ ਲੈ ਕੇ ਖਬਰਾਂ ਆ ਰਹੀਆਂ ਹਨ। ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਯਾਤਰੀਆਂ ਨੂੰ ਕਾਫੀ ਅਸੁਵਿਧਾ ਹੋਈ। ਦੱਸ ਦੇਈਏ ਕਿ ਰੇਲਵੇ ਨੇ ਅੰਬਾਲਾ 'ਚ ਆਖਰੀ ਸਮੇਂ 'ਤੇ ਯਾਤਰੀਆਂ ਨੂੰ ਕਿਹਾ ਕਿ ਸ਼ਾਨ-ਏ-ਪੰਜਾਬ ਟਰੇਨ ਲੁਧਿਆਣਾ ਤੱਕ ਹੀ ਚੱਲੇਗੀ, ਜਿਸ ਕਾਰਨ ਜਲੰਧਰ-ਅੰਮ੍ਰਿਤਸਰ ਜਾਣ ਵਾਲੇ ਮੁਸਾਫਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਦੂਸਰੀ ਰੇਲ ਗੱਡੀ ਵਿਚ ਸਫਰ ਕਰਨ ਲਈ ਮਜਬੂਰ ਹੋਣਾ ਪਿਆ, ਜਿਸ ਵਿਚ ਕਾਫੀ ਭੀੜ ਸੀ।
ਯਾਤਰੀ ਅਮਿਤ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦਿੱਲੀ ਤੋਂ ਅੰਮ੍ਰਿਤਸਰ ਚੱਲਣ ਵਾਲੀ ਸ਼ਾਨ-ਏ-ਪੰਜਾਬ ਟਰੇਨ ਦੀ ਟਿਕਟ ਬੁੱਕ ਕਰਵਾਈ ਸੀ। ਜਦੋਂ ਟਰੇਨ ਅੰਬਾਲਾ ਸਟੇਸ਼ਨ 'ਤੇ ਪਹੁੰਚੀ ਤਾਂ ਰੇਲਵੇ ਵੱਲੋਂ ਅਨਾਊਂਸਮੈਂਟ ਕੀਤੀ ਗਈ ਕਿ ਇਹ ਟਰੇਨ ਲੁਧਿਆਣਾ ਤੱਕ ਹੀ ਚੱਲੇਗੀ, ਜਿਸ ਕਾਰਨ ਜਲੰਧਰ ਅਤੇ ਅੰਮ੍ਰਿਤਸਰ ਜਾਣ ਵਾਲੇ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਟਰੇਨ ਬਦਲਣ ਲਈ ਹੋਣਾ ਪਿਆ ਮਜਬੂਰ
ਇਸ ਤੋਂ ਬਾਅਦ ਦੂਜੀ ਰੇਲਗੱਡੀ ਦਿੱਲੀ-ਪਠਾਨਕੋਟ ਅੰਬਾਲਾ ਸਟੇਸ਼ਨ 'ਤੇ ਪਹੁੰਚੀ, ਜਿਸ 'ਤੇ ਜਲੰਧਰ ਅਤੇ ਅੰਮ੍ਰਿਤਸਰ ਜਾਣ ਵਾਲੇ ਯਾਤਰੀ ਸਵਾਰ ਹੋ ਗਏ। ਟਰੇਨ 'ਚ ਕਾਫੀ ਭੀੜ ਸੀ ਅਤੇ ਗਰਮੀ ਕਾਰਨ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕੋਈ ਪਰੇਸ਼ਾਨ ਹੋਇਆ।
ਕੀ ਕਹਿਣਾ ਹੈ ਯਾਤਰੀਆਂ ਦਾ
ਯਾਤਰੀ ਅਮਿਤ ਸ਼ਰਮਾ ਨੇ ਕਿਹਾ ਕਿ ਜੇਕਰ ਰੇਲਵੇ ਨੇ ਸਾਨੂੰ ਪਹਿਲਾਂ ਹੀ ਸੂਚਿਤ ਕੀਤਾ ਹੁੰਦਾ ਕਿ ਇਹ ਰੇਲਗੱਡੀ ਲੁਧਿਆਣਾ ਤੱਕ ਹੀ ਜਾਵੇਗੀ ਅਤੇ ਇਸ ਤੋਂ ਅੱਗੇ ਯਾਤਰਾ ਨਹੀਂ ਕਰੇਗੀ, ਤਾਂ ਅਸੀਂ ਇਸ ਰੇਲਗੱਡੀ 'ਤੇ ਨਾ ਚੜ੍ਹਦੇ ਕਿਉਂਕਿ ਪਹਿਲਾਂ ਤਾਂ ਉਨ੍ਹਾਂ ਨੂੰ ਪੈਸੇ ਦਾ ਨੁਕਸਾਨ ਹੋਇਆ ਅਤੇ ਦੂਜਾ ਉਨ੍ਹਾਂ ਨੂੰ ਜਲੰਧਰ ਆਉਣ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਰੇਲਵੇ ਯਾਤਰੀਆਂ ਦਾ ਧਿਆਨ ਰੱਖੇ
ਯਾਤਰੀ ਅਮਿਤ ਸ਼ਰਮਾ ਨੇ ਅੱਗੇ ਕਿਹਾ ਕਿ ਰੇਲਵੇ ਨੂੰ ਇਨ੍ਹਾਂ ਸਮੱਸਿਆਵਾਂ ਅਤੇ ਯਾਤਰੀਆਂ ਦੀ ਸਹੂਲਤ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਟਿਕਟ ਲੈਣ ਤੋਂ ਬਾਅਦ ਰੇਲਗੱਡੀ 'ਚ ਸਵਾਰ ਹੋਣ ਤੋਂ ਬਾਅਦ ਯਾਤਰੀਆਂ ਨੂੰ ਅੱਧ ਵਿਚਾਲੇ ਛੱਡਣਾ ਗਲਤ ਹੈ, ਇਸ ਲਈ ਰੇਲਵੇ ਨੂੰ ਜਾਂ ਤਾਂ ਉਨ੍ਹਾਂ ਯਾਤਰੀਆਂ ਦੇ ਪੈਸੇ ਵਾਪਸ ਕਰਨੇ ਚਾਹੀਦੇ ਹਨ ਜਾਂ ਉਨ੍ਹਾਂ ਨੂੰ ਉਨ੍ਹਾਂ ਦੀ ਮੰਜ਼ਿਲ 'ਤੇ ਛੱਡਣਾ ਚਾਹੀਦਾ ਹੈ।