ਪਟਿਆਲਾ 'ਚ ਇੱਕ ਕਰਨਲ ਅਤੇ ਉਸਦੇ ਪੁੱਤਰ 'ਤੇ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ 12 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਐਸਐਸਪੀ ਨਾਨਕ ਸਿੰਘ ਨੇ ਇਸ ਮਾਮਲੇ ਵਿੱਚ ਸਾਰੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਜਾਂਚ ਦੇ ਹੁਕਮ ਦਿੱਤੇ ਹਨ। ਦਰਅਸਲ, ਸਾਰਾ ਵਿਵਾਦ ਪਾਰਕਿੰਗ ਨੂੰ ਲੈ ਕੇ ਸੀ, ਜਿਸ ਤੋਂ ਬਾਅਦ ਲੜਾਈ ਸ਼ੁਰੂ ਹੋ ਗਈ।
ਐਸਐਸਪੀ ਨੇ ਕਰਨਲ ਤੋਂ ਮੰਗੀ ਮੁਆਫ਼ੀ
ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਨੇ ਕਿਹਾ ਕਿ ਅਸੀਂ ਮਾਮਲੇ ਵਿੱਚ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ, ਜੋ ਕਿ 45 ਦਿਨਾਂ ਦੇ ਅੰਦਰ ਪੂਰੀ ਕੀਤੀ ਜਾਵੇਗੀ। ਅਸੀਂ ਇਸ ਘਟਨਾ ਲਈ ਫੌਜੀ ਅਧਿਕਾਰੀ ਤੋਂ ਮੁਆਫੀ ਮੰਗਦੇ ਹਾਂ। ਅਸੀਂ ਫੌਜ ਦਾ ਪੂਰਾ ਸਤਿਕਾਰ ਕਰਦੇ ਹਾਂ।
ਜਾਣੋ ਕੀ ਹੈ ਪੂਰਾ ਮਾਮਲਾ
ਦਰਅਸਲ, ਰਾਜਿੰਦਰਾ ਹਸਪਤਾਲ ਦੇ ਨੇੜੇ ਢਾਬੇ ਕੋਲ ਕਾਰ ਪਾਰਕਿੰਗ ਨੂੰ ਲੈ ਕੇ ਵਿਵਾਦ ਹੋਇਆ ਸੀ। ਜਿਸ ਸਬੰਧੀ ਕਰਨਲ ਦੀ ਪਤਨੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਵਿੱਚ ਉਸਨੇ ਦੱਸਿਆ ਕਿ ਉਸਦੇ ਪਤੀ ਪੁਸ਼ਪਿੰਦਰ ਸਿੰਘ ਬਾਠ ਅਤੇ ਪੁੱਤਰ ਅੰਗਦ ਸਿੰਘ ਨੂੰ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ, ਇੰਸਪੈਕਟਰ ਹੈਰੀ ਬੋਪਾਰਾਏ ਅਤੇ ਇੰਸਪੈਕਟਰ ਰੋਨੀ ਸਿੰਘ ਸਮੇਤ ਲਗਭਗ 10 ਪੁਲਿਸ ਮੁਲਾਜ਼ਮਾਂ ਨੇ ਡੰਡਿਆਂ, ਬੇਸਬਾਲ ਬੈਟਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕੁੱਟਿਆ।
ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਘਟਨਾ ਦੌਰਾਨ ਉਸਦੇ ਪਤੀ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਅਤੇ ਉਸਦੀ ਖੱਬੀ ਬਾਂਹ ਵੀ ਟੁੱਟ ਗਈ। ਜਦੋਂ ਕਿ ਪੁੱਤਰ ਅੰਗਦ ਦੇ ਸਿਰ 'ਤੇ ਵੀ ਡੂੰਘੀ ਸੱਟ ਲੱਗੀ ਸੀ ਅਤੇ ਦੋਵਾਂ ਨੂੰ 14 ਮਾਰਚ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸਬੂਤ ਦੇਣ ਤੋਂ ਬਾਅਦ ਵੀ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਸ਼ਿਕਾਇਤ ਤੋਂ ਬਾਅਦ, ਮਾਮਲੇ ਵਿੱਚ ਸ਼ਾਮਲ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।