ਹਰਿਆਣਾ ਦੇ ਸਿਰਸਾ ਵਿੱਚ ਇੱਕ ਤੇਜ਼ ਰਫ਼ਤਾਰ ਪਿਕਅੱਪ ਚਾਲਕ ਨੇ ਇੱਕ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਪਿਕਅੱਪ ਚਾਲਕ ਸਾਈਕਲ ਸਵਾਰ ਨੂੰ ਕਰੀਬ 2 ਕਿਲੋਮੀਟਰ ਤੱਕ ਘਸੀਟਦਾ ਲੈ ਗਿਆ। ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਸ ਪੂਰੀ ਘਟਨਾ ਦਾ ਇੱਕ ਹੈਰਾਨ ਕਰਨ ਵਾਲਾ ਵੀਡੀਓ ਵੀ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਗੁਰਨਾਮ ਸਿੰਘ ਵਾਸੀ ਪਿੰਡ ਕਰਮਗੜ੍ਹ ਵਜੋਂ ਹੋਈ ਹੈ।
ਹਾਦਸੇ ਤੋਂ ਬਾਅਦ ਪਿਕਅੱਪ ਗੱਡੀ ਬਜ਼ੁਰਗ ਵਿਅਕਤੀ ਨੂੰ ਘਸੀਟਦੀ ਲੈ ਗਈ
ਦੱਸ ਦੇਈਏ ਕਿ ਪਿਕਅਪ ਗੱਡੀ ਨੇ ਪਹਿਲਾਂ ਸਾਈਕਲ ਸਵਾਰ ਬਜ਼ੁਰਗ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਅਤੇ ਇਸ ਤੋਂ ਬਾਅਦ ਵੀ ਪਿਕਅਪ ਚਾਲਕ ਨੇ ਆਪਣੀ ਗੱਡੀ ਨਹੀਂ ਰੋਕੀ। ਉਲਟਾ ਡਰਾਈਵਰ ਉਸ ਨੂੰ ਕਰੀਬ 2 ਕਿਲੋਮੀਟਰ ਤੱਕ ਘਸੀਟਦਾ ਰਿਹਾ। ਉਧਰ, ਪਿੱਛੇ ਤੋਂ ਆ ਰਹੇ ਟਰੱਕ ਚਾਲਕ ਨੇ ਪਿਕਅਪ ਨੂੰ ਰੋਕ ਕੇ ਜ਼ਖ਼ਮੀ ਨੂੰ ਪਿਕਅਪ ਹੇਠੋਂ ਬਾਹਰ ਕੱਢਿਆ। ਇਸ ਦੌਰਾਨ ਆਸ-ਪਾਸ ਦੇ ਲੋਕਾਂ ਨੇ ਪਿਕਅੱਪ ਚਾਲਕ ਨੂੰ ਫੜ ਲਿਆ ਤੇ ਹਾਦਸੇ ਦੀ ਸੂਚਨਾ ਪੁਲਸ ਨੂੰ ਦਿੱਤੀ।
ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ 'ਤੇ ਕਤਲ ਦਾ ਮਾਮਲਾ ਦਰਜ
ਪੁਲਿਸ ਨੇ ਗੰਭੀਰ ਜ਼ਖ਼ਮੀ ਗੁਰਨਾਮ ਸਿੰਘ ਨੂੰ ਐਂਬੂਲੈਂਸ ਵਿੱਚ ਹਸਪਤਾਲ ਪਹੁੰਚਾਇਆ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪਿਕਅੱਪ ਚਾਲਕ ਪਿੰਡ ਚੌਟਾਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਪਿਕਅੱਪ ਚਾਲਕ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।