ਅੱਜ ਜਗਰਾਉਂ 'ਚ ਪੰਜਾਬ ਕਾਂਗਰਸ ਦੀ ਰੈਲੀ ਹੈ। ਜਿਸ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਸਾਨੂੰ ਆਮ ਆਦਮੀ ਪਾਰਟੀ ਨਾਲ ਗਠਜੋੜ ਬਿਲਕੁਲ ਵੀ ਮਨਜ਼ੂਰ ਨਹੀਂ ਹੈ। ਰੈਲੀ 'ਚ ਕਾਂਗਰਸ ਨੇ ‘ਆਪ’ ਪਾਰਟੀ ਨਾਲ ਗਠਜੋੜ ਦਾ ਸਖ਼ਤ ਵਿਰੋਧ ਕੀਤਾ। ਇਸ ਦੌਰਾਨ ਜਲੰਧਰ ਦੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਤੁਸੀਂ ਭਾਜਪਾ ਦੀ ਬੀ ਟੀਮ ਹੋ। ਆਪਸ 'ਚ ਲੜਨ ਨਾਲ ਕੁਝ ਹਾਸਲ ਨਹੀਂ ਹੋਵੇਗਾ।
ਕਾਂਗਰਸ ਵੱਲੋਂ ‘ਆਪ’ ਸਰਕਾਰ ਖ਼ਿਲਾਫ਼ ਕਈ ਧਰਨੇ ਦਿੱਤੇ ਜਾ ਚੁੱਕੇ ਹਨ, ਜਦੋਂਕਿ 21 ਦਸੰਬਰ ਨੂੰ ਜਗਰਾਉਂ ਅਤੇ 22 ਦਸੰਬਰ ਨੂੰ ਕਪੂਰਥਲਾ 'ਚ ਅਮਨ ਕਾਨੂੰਨ ਦੇ ਮੁੱਦੇ ਨੂੰ ਲੈ ਕੇ ਧਰਨੇ ਦਿੱਤੇ ਜਾ ਰਹੇ ਹਨ। ਪੰਜਾਬ ਕਾਂਗਰਸ ਸ਼ੁਰੂ ਤੋਂ ਹੀ ਇਸ ਗਠਜੋੜ ਦੇ ਖਿਲਾਫ ਰਹੀ ਹੈ। ਜੇਕਰ ਪਾਰਟੀ ਹਾਈਕਮਾਂਡ ਨੇ ਸੂਬਾ ਇਕਾਈ ਦੇ ਵਿਚਾਰਾਂ ਨੂੰ ਅਣਗੌਲਿਆ ਕੀਤਾ ਤਾਂ ਪੰਜਾਬ ਕਾਂਗਰਸ 'ਚ ਧਮਾਕਾ ਹੋਣਾ ਤੈਅ ਮੰਨਿਆ ਜਾ ਰਿਹਾ ਹੈ।
ਕਾਂਗਰਸ ਦੇ ਇਕ ਸੀਨੀਅਰ ਨੇਤਾ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਗਠਜੋੜ ਨਹੀਂ ਹੋਇਆ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਸਾਡੇ ਕੋਲ ਦੋ ਹੀ ਵਿਕਲਪ ਹਨ: ਜਾਂ ਤਾਂ ਅਸੀਂ ਘਰ ਬੈਠੀਏ ਜਾਂ ਦੂਜੀ ਧਿਰ ਵੱਲ ਮੁੜੀਏ। ਇਹ ਕਿਵੇਂ ਸੰਭਵ ਹੈ ਕਿ ਅਸੀਂ ਉਸ ਪਾਰਟੀ ਨਾਲ ਸਟੇਜ ਸਾਂਝੀ ਕਰੀਏ ਜਿਸ ਦੀ ਸਰਕਾਰ ਨੇ ਸਾਡੇ ਨੇਤਾਵਾਂ ਨੂੰ ਜੇਲ੍ਹ ਭੇਜਿਆ ਹੈ?
ਇੱਕ ਕਾਂਗਰਸੀ ਵਿਧਾਇਕ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਪਾਰਟੀ ਸਾਡੀ ਗੱਲ ਨਹੀਂ ਸੁਣੇਗੀ ਤਾਂ ਜ਼ਰੂਰੀ ਨਹੀਂ ਕਿ ਅਸੀਂ ਵੀ ਪਾਰਟੀ ਦੀ ਗੱਲ ਸੁਣੀਏ। ਅਜਿਹੇ 'ਚ ਭਾਵੇਂ ਪਾਰਟੀ ਹਾਈਕਮਾਂਡ ਲੋਕ ਸਭਾ ਲਈ ਪੰਜਾਬ 'ਚ ਸਮਝੌਤਾ ਕਰਨ 'ਤੇ ਅੜੀ ਹੋਈ ਹੈ ਪਰ ਇਸ ਨੂੰ ਸੂਬਾ ਪੱਧਰ 'ਤੇ ਲਾਗੂ ਕਰਨਾ ਦੋਵਾਂ ਪਾਰਟੀਆਂ ਲਈ ਆਸਾਨ ਨਹੀਂ ਹੋਣ ਵਾਲਾ ਹੈ।