ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਦਿੱਲੀ ਵਿਖੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕੀਤੀ। ਕੁਲਦੀਪ ਧਾਲੀਵਾਲ ਨੇ ਉਨ੍ਹਾਂ ਅੱਗੇ ਕਈ ਮੁੱਦੇ ਰੱਖੇ। ਉਨ੍ਹਾਂ ਕਿਹਾ ਕਿ ਮੇਰਾ ਵਿਧਾਨ ਸਭਾ ਹਲਕਾ ਅਜਨਾਲਾ ਹੈ ਅਤੇ ਸਰਹੱਦੀ ਖੇਤਰ ਹੈ ਜੋ ਪਾਕਿਸਤਾਨ ਬਾਰਡਰ ਨਾਲ ਲੱਗਦਾ ਹੈ। ਧਾਲੀਵਾਲ ਨੇ ਕਿਹਾ ਕਿ ਸਰਹੱਦੀ ਖੇਤਰ ਹੋਣ ਕਾਰਨ ਇਹ ਇਲਾਕਾ ਰੇਲਵੇ ਨਾਲ ਨਹੀਂ ਜੁੜ ਸਕਿਆ।
ਬੱਲ੍ਹੜਵਾਲ ਕਸਬੇ ਤੱਕ ਰੇਲਵੇ ਲਾਈਨ ਬਣਾਉਣ ਦਾ ਮੁੱਦਾ ਰੱਖਿਆ
ਧਾਲੀਵਾਲ ਨੇ ਸਰਹੱਦੀ ਖੇਤਰ ਬੱਲ੍ਹੜਵਾਲ ਕਸਬੇ ਤੱਕ ਰੇਲਵੇ ਲਾਈਨ ਬਣਾਉਣ ਦਾ ਮੁੱਦਾ ਮੰਤਰੀ ਬਿੱਟੂ ਅੱਗੇ ਰੱਖਿਆ। ਉਨ੍ਹਾਂ ਕਿਹਾ ਕਿ ਵੰਡ ਤੋਂ ਪਹਿਲਾਂ ਇਹ ਸ਼ਹਿਰ ਵਪਾਰਕ ਕੇਂਦਰ ਹੋਇਆ ਕਰਦਾ ਸੀ। ਅੰਮ੍ਰਿਤਸਰ ਤੋਂ ਬੱਲ੍ਹੜਵਾਲ ਤੱਕ ਰੇਲਵੇ ਲਾਈਨ ਬਣਾਈ ਜਾਵੇ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਸਭ ਤੋਂ ਵੱਧ ਗੰਨਾ, ਬਾਸਮਤੀ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਰੇਲ ਰਾਹੀਂ ਮਿਲਣ ਵਾਲੀਆਂ ਸਹੂਲਤਾਂ ਨਹੀਂ ਹਨ। ਫੌਜੀਆਂ ਲਈ ਆਪਣਾ ਮਾਲ ਢੋਣ ਲਈ ਕੋਈ ਰਸਤਾ ਨਹੀਂ ਹੈ।
ਕੈਬਨਿਟ ਮੰਤਰੀ ਧਾਲੀਵਾਲ ਨੇ ਟਵੀਟ ਕਰ ਦਿੱਤੀ ਜਾਣਕਾਰੀ
ਉਨ੍ਹਾਂ ਕਿਹਾ ਕਿ ਕੇਂਦਰੀ ਰੇਲਵੇ ਮੰਤਰੀ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਨੂੰ ਮਿਲਿਆ ਅਤੇ ਉਸ ਨੂੰ ਬਾਬਾ ਬੁੱਢਾ ਸਾਹਿਬ ਜੀ ਦੀ ਨਗਰੀ ਰਮਦਾਸ ਵਿਖੇ ਖ਼ਸਤਾ ਹਾਲਤ ਰੇਲਵੇ ਸਟੇਸ਼ਨ ਨੂੰ ਫਿਰ ਤੋਂ ਬਣਾਉਣ ਦਾ ਮੰਗ ਪੱਤਰ ਦਿੱਤਾ। ਉਹਨਾਂ ਵਿਸ਼ਵਾਸ ਦਿਵਾਇਆ ਕਿ ਅਗਲੇ 6 ਮਹੀਨਿਆਂ ਵਿੱਚ ਇਹ ਰੇਲਵੇ ਸਟੇਸ਼ਨ ਬਣ ਜਾਏਗਾ। ਇਸਦੇ ਨਾਲ ਹੀ ਅਜਨਾਲਾ ਬੱਲੜ੍ਹਵਾਲ ਵਿੱਚ ਰੇਲਵੇ ਲਾਈਨ ਵਿਛਾ ਕੇ ਇਸ ਸਰਹੱਦੀ ਇਲਾਕੇ ਨੂੰ ਪੂਰੇ ਭਾਰਤ ਨਾਲ ਜੋੜਨ ਲਈ ਮੰਗ ਪੱਤਰ ਦਿੱਤਾ। ਉਹਨਾਂ ਨੇ ਮੈਨੂੰ ਪੂਰਾ ਵਿਸ਼ਵਾਸ਼ ਦਵਾਇਆ ਕੇ ਜਲਦੀ ਇਸ ਤੇ ਕੰਮ ਸ਼ੁਰੂ ਹੋ ਜਾਵੇਗਾ।
ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਅਜਨਾਲਾ ਵਿੱਚ ਕਸਬਾ ਰਮਦਾਸ ਹੈ ਜੋ ਡੇਰਾ ਬਾਬਾ ਨਾਨਕ ਅਤੇ ਕਰਤਾਰਪੁਰ ਸਾਹਿਬ ਦੇ ਬਿਲਕੁਲ ਨੇੜੇ ਹੈ। ਇਹ ਸ੍ਰੀ ਹਰਮਿੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਦਾ ਅੰਤਿਮ ਅਸਥਾਨ ਹੈ ਅਤੇ ਇੱਥੇ ਬਹੁਤ ਵੱਡਾ ਮੇਲਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਨੂੰ ਜਾਣ ਵਾਲੀ ਰੇਲਗੱਡੀ ਦਾ ਰੇਲਵੇ ਸਟੇਸ਼ਨ ਖਸਤਾਹਾਲ ਹੈ ਅਤੇ ਇਸ ਦਾ ਨਾਂ ਬਾਬਾ ਬੁੱਢਾ ਸਾਹਿਬ ਜੀ ਦੇ ਨਾਂ ’ਤੇ ਰੱਖਿਆ ਜਾਵੇ।
ਮੀਟਿੰਗ ਤੋਂ ਬਾਅਦ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੀਟਿੰਗ ਚੰਗੇ ਮਾਹੌਲ ਵਿੱਚ ਹੋਈ। ਉਨ੍ਹਾਂ ਨੇ ਕਿਹਾ ਕਿ ਕੈਬਿਨਟ ਮੰਤਰੀ ਨੇ ਉਨ੍ਹਾਂ ਨੂੰ ਸਾਰੇ ਮਾਮਲੇ ਹੱਲ ਕਰਨ ਦਾ ਭਰੋਸਾ ਦਿੱਤਾ ਹੈ।