ਖੰਨਾ ਦੇ ਥਾਣਾ ਮਾਛੀਵਾੜਾ ਸਾਹਿਬ ਅਧੀਨ ਪੈਂਦੇ ਗੜ੍ਹੀ ਨਹਿਰ ਦੇ ਪੁਲ ਨੇੜੇ ਨਵਰਾਤਰੇ ਦੌਰਾਨ ਹਾਦਸਾ ਵਾਪਰ ਗਿਆ। ਲੁਧਿਆਣਾ ਦਾ ਇੱਕ ਪਰਿਵਾਰ ਨੈਣਾ ਦੇਵੀ ਤੋਂ ਮੱਥਾ ਟੇਕ ਵਾਪਸ ਆ ਰਿਹਾ ਸੀ। ਰਸਤੇ ਵਿੱਚ ਉਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ ਅਤੇ ਕੈਂਟਰ ਦੀ ਟੱਕਰ 'ਚ ਮਾਂ ਦੀ ਮੌਤ ਹੋ ਗਈ, ਜਦਕਿ ਕਾਰ 'ਚ ਸਵਾਰ ਪੁੱਤਰ-ਧੀ ਗੰਭੀਰ ਜ਼ਖਮੀ ਹੋ ਗਏ।
ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਛਾਣ ਪੁਸ਼ਪਾ ਦੇਵੀ ਵਜੋਂ ਹੋਈ ਹੈ। ਉਸ ਦਾ ਲੜਕਾ ਸੁਖਦੀਪ ਅਤੇ ਬੇਟੀ ਗੰਭੀਰ ਜ਼ਖਮੀ ਹਨ। ਦੋਵਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਤੋਂ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਕਾਰ ਡਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ। ਕੈਂਟਰ ਨਾਲ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ ਕਾਰ 'ਚੋਂ ਧੂੰਆਂ ਨਿਕਲਣ ਲੱਗਾ।
ਕਿਸਾਨਾਂ ਨੇ ਆ ਕੇ ਫਸੇ ਲੋਕਾਂ ਨੂੰ ਬਚਾਇਆ
ਨੇੜਲੇ ਖੇਤਾਂ ਵਿੱਚ ਝੋਨੇ ਦੀ ਕਟਾਈ ਕਰ ਰਹੇ ਕਿਸਾਨਾਂ ਨੇ ਮੌਕੇ ’ਤੇ ਆ ਕੇ ਪਹਿਲਾਂ ਫਾਇਰ ਬ੍ਰਿਗੇਡ ਸਟੇਸ਼ਨ ਨੂੰ ਫੋਨ ਕੀਤਾ ਅਤੇ ਫਿਰ ਕਾਰ ਵਿੱਚ ਫਸੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ।
ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ
ਜਦੋਂ ਕਾਫੀ ਦੇਰ ਤੱਕ ਐਂਬੂਲੈਂਸ ਨਾ ਪੁੱਜੀ ਤਾਂ ਰਾਹਗੀਰਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਸਿਵਲ ਹਸਪਤਾਲ ਸਮਰਾਲਾ ਪਹੁੰਚਾਇਆ ਗਿਆ। ਡਾਕਟਰਾਂ ਨੇ ਪੁਸ਼ਪਾ ਦੇਵੀ ਨੂੰ ਮ੍ਰਿਤਕ ਐਲਾਨ ਦਿੱਤਾ। ਪੁਸ਼ਪਾ ਦਾ ਬੇਟਾ ਅਤੇ ਬੇਟੀ ਗੰਭੀਰ ਜ਼ਖਮੀ ਹਨ। ਜਾਣਕਾਰੀ ਅਨੁਸਾਰ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਸੰਚਾਰਿਕਾ ਸ਼ਾਹ ਨੇ ਦੱਸਿਆ ਕਿ ਤਿੰਨ ਜ਼ਖ਼ਮੀਆਂ ਨੂੰ ਹਸਪਤਾਲ ਲਿਆਂਦਾ ਗਿਆ। ਔਰਤ ਦੀ ਮੌਤ ਹੋ ਚੁੱਕੀ ਸੀ। ਉਸ ਦੇ ਜ਼ਖਮੀ ਪੁੱਤਰ ਅਤੇ ਬੇਟੀ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ।