ਪੰਜਾਬ ਵਿਚ ਚੋਣ ਪ੍ਰਚਾਰ ਅਖੀਰਲੇ ਦੌਰ ਵਿਚ ਪਹੁੰਚ ਗਿਆ ਹੈ। ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿਚ ਰੈਲੀ ਕਰਨ ਆਏ।
ਔਰਤਾਂ ਨੂੰ 1000 ਦੀ ਥਾਂ 1100 ਰੁਪਏ ਦੇਵਾਂਗੇ
ਇਸ ਦੌਰਾਨ ਉਨ੍ਹਾਂ ਔਰਤਾਂ ਲਈ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਔਰਤਾਂ ਲਈ ਪਹਿਲਾਂ 1000 ਰੁਪਏ ਦੀ ਗਰੰਟੀ ਦਿੱਤੀ ਗਈ ਸੀ ਪਰ ਹੁਣ ਅਸੀਂ ਪੰਜਾਬ ਵਿਚ ਔਰਤਾਂ ਨੂੰ 1100 ਰੁਪਏ ਦੇਣ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ 1000 ਰੁਪਏ ਅਸੀਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਸ਼ੁਰੂ ਕਰ ਸਕਦੇ ਸੀ ਪਰ ਅਸੀਂ ਇਹ ਪੱਕੇ ਤੌਰ ਉਤੇ ਸ਼ੁਰੂ ਕਰਨਾ ਚਾਹੁੰਦੇ ਹਾਂ। ਇਕ ਵਾਰ ਇਹ ਗਰੰਟੀ ਲਾਗੂ ਹੋ ਗਈ ਫਿਰ ਬੰਦ ਨਹੀਂ ਹੋਵੇਗੀ।
ਜਿਸ ਤਰ੍ਹਾਂ ਬਿਜਲੀ ਦੇ ਮੀਟਰਾਂ ਦੇ ਬਿੱਲ ਜ਼ੀਰੋ ਆ ਰਹੇ ਹਨ, ਉਸੇ ਤਰ੍ਹਾਂ ਇਹ ਸਹੂਲਤ ਜਲਦ ਸ਼ੁਰੂ ਕਰਨ ਜਾ ਰਹੇ ਹਾਂ।
ਅਕਾਲੀ ਦਲ ਉਤੇ ਨਿਸ਼ਾਨਾ
ਇਸ ਦੌਰਾਨ ਸੀ ਐਮ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਉਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਨ੍ਹਾਂ ਦੀ ਹਾਲਤ ਬਹੁਤ ਮਾੜੀ ਹੋਈ ਪਈ ਹੈ। ਲੋਕਾਂ ਦੀ ਡਿਮਾਂਡ ਉਤੇ ਉਨਾਂ ਨੇ ਕਿੱਕਲੀ ਵੀ ਸੁਣਾਈ। ਉਨਾਂ ਕਿਹਾ ਕਿ ਤੁਸੀਂ ਬਾਰ-ਬਾਰ ਕਿਹ ਰਹੇ ਹੋ ਸੁਣਾਓ ਕਿੱਕਲੀ ਪਰ ਉਨ੍ਹਾਂ ਦੀ ਜਾਨ ਜਾਂਦੀ ਨਿਕਲੀ। ਸੀ ਐਮ ਮਾਨ ਨੇ ਕਿਹਾ ਕਿ ਤੁਹਾਨੂੰ ਅੰਦਰਲੀ ਗੱਲ ਦੱਸ ਰਿਹਾ ਹੈ। ਪੁਲਸ ਦੇ ਦੋ ਅਫਸਰਾਂ ਦੀ ਇਨ੍ਹਾਂ ਨਾਲ ਡਿਊਟੀ ਲੱਗੀ ਹੈ ਉਨਾਂ ਦੱਸਿਆ ਕਿ ਇਹ ਰਾਤ ਨੂੰ ਸੌਣ ਲੱਗੇ ਰੋਂਦੇ ਹਨ ਤੇ ਸਵੇਰੇ ਉਠ ਕੇ ਰੋਂਦੇ ਹਨ।