ਅਮਰੀਕਾ 'ਚ ਸੜਕ ਹਾਦਸੇ 'ਚ ਇੱਕ ਪੰਜਾਬੀ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅੰਮ੍ਰਿਤਪਾਲ ਸਿੰਘ (32) ਵਜੋਂ ਹੋਈ ਹੈ। ਅੰਮ੍ਰਿਤਪਾਲ ਕਰਨਾਲ ਦੇ ਜਲਮਾਣਾ ਇਲਾਕੇ ਦੇ ਪਿੰਡ ਠਰਵਾ ਮਾਜਰਾ ਦਾ ਰਹਿਣ ਵਾਲਾ ਸੀ। ਮ੍ਰਿਤਕ ਟਰੱਕ ਡਰਾਈਵਰ ਸੀ। ਘਟਨਾ ਤੋਂ ਬਾਅਦ ਘਰ 'ਚ ਸੋਗ ਦੀ ਲਹਿਰ ਦੌੜ ਗਈ ਹੈ।
ਨੀਂਦ ਕਾਰਨ ਵਾਪਰਿਆ ਹਾਦਸਾ
ਅੰਮ੍ਰਿਤਪਾਲ ਦੇ ਚਾਚੇ ਨੇ ਦੱਸਿਆ ਕਿ ਅੰਮ੍ਰਿਤਪਾਲ ਉਸ ਦੇ ਵੱਡੇ ਭਰਾ ਦਾ ਇਕਲੌਤਾ ਪੁੱਤਰ ਸੀ। ਉਹ ਪਹਿਲਾਂ ਅਮਰੀਕਾ ਵਿੱਚ ਇੱਕ ਸਟੋਰ ਵਿੱਚ ਕੰਮ ਕਰਦਾ ਸੀ ਅਤੇ ਹਾਲ ਹੀ ਵਿੱਚ ਉਸਨੇ ਆਪਣਾ ਟਰੱਕ ਡਰਾਈਵਰ ਦਾ ਲਾਇਸੈਂਸ ਬਣਿਆ ਸੀ। ਅੰਮ੍ਰਿਤਪਾਲ ਆਪਣੇ ਸਾਥੀ ਡਰਾਈਵਰ ਨਾਲ ਟਰੱਕ ਤੇ ਸਵਾਰ ਹੋ ਕੇ ਕੰਮ ਤੇ ਜਾ ਰਿਹਾ ਸੀ ਪਰ ਇਸ ਦੌਰਾਨ ਸਾਥੀ ਡਰਾਈਵਰ ਨੂੰ ਅਚਾਨਕ ਨੀਂਦ ਆ ਗਈ। ਇਸ ਤੋਂ ਬਾਅਦ ਟਰੱਕ ਬੇਕਾਬੂ ਹੋ ਕੇ ਖਾਈ ਵਿੱਚ ਜਾ ਡਿੱਗਾ।
ਪਤਨੀ ਨਾਲ ਸੈਕਰਾਮੈਂਟੋ 'ਚ ਰਹਿੰਦਾ ਸੀ ਮ੍ਰਿਤਕ
ਇਸ ਹਾਦਸੇ 'ਚ ਅੰਮ੍ਰਿਤਪਾਲ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ , ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਅਮਰੀਕਾ ਦੇ ਸੈਕਰਾਮੈਂਟੋ ਵਿੱਚ ਆਪਣੀ ਪਤਨੀ ਨਾਲ ਰਹਿੰਦਾ ਸੀ।