ਆਰਪੀਐਫ ਮੁਕੇਰੀਆਂ ਨੇ ਜਲੰਧਰ ਪਠਾਨਕੋਟ ਹਾਈਵੇਅ ਦੇ ਨਾਲ ਲੱਗਦੇ ਕਾਲਾ ਬੱਕਰਾ ਨੇੜੇ ਜੱਲੋਵਾਲ ਰੇਲਵੇ ਫਾਟਕ ਦੇ ਰੇਲਵੇ ਟਰੈਕ 'ਤੇ ਟਰੈਕਟਰ ਚਲਾਉਣ ਵਾਲੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਆਰ ਪੀ ਐਫ ਨੇ ਪਹਿਲਾਂ ਹੀ ਧਾਰਾ 147 ਅਤੇ 153 ਦੇ ਤਹਿਤ ਮਾਮਲਾ ਦਰਜ ਕਰ ਲਿਆ ਸੀ। ਇਸ ਘਟਨਾਕ੍ਰਮ ਕਾਰਨ ਪੂਰੇ ਫ਼ਿਰੋਜ਼ਪੁਰ ਡਵੀਜ਼ਨ ਵਿੱਚ ਹਲਚਲ ਮਚ ਗਈ। ਇਸ ਦੇ ਨਾਲ ਹੀ ਕਾਲਾ ਬੱਕਰਾ ਅਤੇ ਜੱਲੋਵਾਲ ਰੇਲਵੇ ਫਾਟਕਾਂ 'ਤੇ ਤਾਇਨਾਤ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਹੱਥ-ਪੈਰ ਫੁੱਲ ਗਏ ਸਨ ਪਰ ਆਖਿਰਕਾਰ ਆਰਪੀਐਫ ਨੇ ਕਿਸੇ ਤਰ੍ਹਾਂ ਟਰੈਕਟਰ ਚਾਲਕ ਨੂੰ ਲੱਭ ਲਿਆ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਜਾਣੋ ਪੂਰਾ ਮਾਮਲਾ
ਦੱਸ ਦਈਏ ਕਿ ਦੋ ਦਿਨ ਪਹਿਲਾਂ ਜੱਲੋਵਾਲ ਰੇਲਵੇ ਫਾਟਕ ਨੇੜਿਓਂ ਲੰਘਦੀ ਰੇਲਵੇ ਲਾਈਨ 'ਤੇ ਇਕ ਨੌਜਵਾਨ ਨੇ ਟਰੈਕਟਰ ਚਲਾਇਆ ਅਤੇ ਕਾਫੀ ਦੂਰ ਤੱਕ ਲਿਜਾਣ ਤੋਂ ਬਾਅਦ ਖੇਤਾਂ 'ਚ ਉਤਾਰਿਆ। ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਇਸ ਮਾਮਲੇ ਵਿੱਚ ਕੋਈ ਹਾਦਸਾ ਨਹੀਂ ਵਾਪਰਿਆ। ਗੇਟਮੈਨ ਸੁਭਾਸ਼ ਦੀ ਸਿਆਣਪ ਸਦਕਾ ਵੱਡਾ ਰੇਲ ਹਾਦਸਾ ਵੀ ਟਲ ਗਿਆ। ਜਦੋਂ ਟਰੈਕਟਰ ਚਾਲਕ ਰੇਲਵੇ ਟਰੈਕ 'ਤੇ ਟਰੈਕਟਰ ਚਲਾ ਰਿਹਾ ਸੀ ਤਾਂ ਗੇਟਮੈਨ ਸੁਭਾਸ਼ ਨੇ ਦੌੜ ਕੇ ਲਾਲ ਝੰਡੀ ਦਿਖਾ ਕੇ ਪੈਸੇਂਜਰ ਟਰੇਨ ਨੂੰ ਪਹਿਲਾਂ ਹੀ ਰੋਕ ਦਿੱਤਾ ਸੀ।
ਗੇਟਮੈਨ ਨੂੰ ਇਹ ਡਰ ਸਤਾਉਣ ਲੱਗਾ
ਗੈਟਮੈਨ ਨੇ ਵੀਡੀਓ ਬਣਾ ਕੇ ਰੇਲਵੇ ਅਧਿਕਾਰੀਆਂ ਨੂੰ ਦਿੱਤੀ ਸੀ, ਜਿਸ ਤੋਂ ਬਾਅਦ ਰੇਲਵੇ ਨੇ ਨੌਜਵਾਨ ਖਿਲਾਫ ਕਾਰਵਾਈ ਕੀਤੀ ਹੈ। ਪਿਛਲੇ ਦੋ ਦਿਨਾਂ ਤੋਂ ਕੁਝ ਨੌਜਵਾਨ ਮੂੰਹ ਬੰਨ੍ਹ ਕੇ ਰੇਲਵੇ ਫਾਟਕ ਦੇ ਆਲੇ-ਦੁਆਲੇ ਘੁੰਮਦੇ ਦੇਖੇ ਗਏ ਹਨ। ਗੈਟਮੈਨ ਨੂੰ ਡਰ ਹੈ ਕਿ ਉਸ 'ਤੇ ਹਮਲਾ ਕੀਤਾ ਜਾ ਸਕਦਾ ਹੈ। ਗੈਟਮੈਨ ਨੇ ਇਸ ਸਬੰਧੀ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ।