ਜੰਮੂ ਦੇ ਕਠੂਆ ਰੇਲਵੇ ਸਟੇਸ਼ਨ ਤੋਂ ਇਕ ਮਾਲ ਗੱਡੀ ਦੇ ਬਿਨਾਂ ਗਾਰਡ ਦੇ ਚੱਲਣ ਦੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਰੇਲਵੇ ਨੇ ਸਟੇਸ਼ਨ ਮਾਸਟਰ ਸਮੇਤ 6 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਰੇਲਵੇ ਨੇ ਇਹ ਕਾਰਵਾਈ ਸਟੇਸ਼ਨ ਮਾਸਟਰ, ਲੋਕੋ ਪਾਇਲਟ, ਅਸਿਸਟੈਂਟ ਲੋਕੋ ਪਾਇਲਟ, ਟ੍ਰੈਫਿਕ ਇੰਸਪੈਕਟਰ, ਪੁਆਇੰਟ ਮੈਨ ਤੇ ਲੋਕੋ ਪਾਇਲਟ ਦੇ ਖਿਲਾਫ ਕੀਤੀ ਗਈ ਹੈ।
ਇੱਕ ਹੋਰ ਜਾਂਚ ਟੀਮ ਬਣਾਈ ਗਈ
ਡੀਆਰਐਮ ਨੇ ਕਿਹਾ ਕਿ ਕਠੂਆ ਦੇ ਸਟੇਸ਼ਨ ਮਾਸਟਰ, ਲੋਕੋ ਪਾਇਲਟ, ਸਹਾਇਕ ਲੋਕੋ ਪਾਇਲਟ, ਟ੍ਰੈਫਿਕ ਇੰਸਪੈਕਟਰ, ਲੋਕੋ ਪਾਇਲਟ ਇੰਸਪੈਕਟਰ ਅਤੇ ਪੁਆਇੰਟ ਮੈਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਹ ਪਤਾ ਲਗਾਉਣ ਲਈ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ ਕਿ ਲਾਪਰਵਾਹੀ ਕਿੱਥੇ ਹੋਈ।
ਚਾਹ ਪੀਣ ਉਤਰਿਆ ਸੀ ਲੋਕੋ ਪਾਇਲਟ
ਡੀਆਰਐਮ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਲੋਕੋ ਪਾਇਲਟ ਚਾਹ ਪੀਣ ਲਈ ਹੇਠਾਂ ਉਤਰਿਆ ਸੀ, ਜਿਸ ਤੋਂ ਬਾਅਦ ਲੋਕੋ ਪਾਇਲਟ ਹੈਂਡਬ੍ਰੇਕ ਲਗਾਉਣਾ ਭੁੱਲ ਗਿਆ। ਇਸ ਕਾਰਨ ਢਲਾਣ ਹੋਣ ਦੇ ਕਰਕੇ ਮਾਲ ਗੱਡੀ ਕਠੂਆ ਤੋਂ ਰਵਾਨਾ ਹੋ ਗਈ ਪਰ ਰਸਤੇ ਵਿੱਚ ਦੋ ਥਾਵਾਂ ’ਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ। ਅਖੀਰ ਰੇਲਗੱਡੀ ਨੂੰ ਹੁਸ਼ਿਆਰਪੁਰ ਦੇ ਉਚੀ ਬੱਸੀ ਵਿਖੇ ਰੋਕਿਆ ਗਿਆ।
ਸਟੇਸ਼ਨਾਂ ਦੀਆਂ ਲਾਈਟਾਂ ਕੀਤੀਆਂ ਗਈਆਂ ਸਨ ਬੰਦ
ਡੀਆਰਐਮ ਨੇ ਦੱਸਿਆ ਕਿ ਮਾਲ ਗੱਡੀ ਦੇ ਅੱਗੇ ਡੀਜ਼ਲ ਇੰਜਣ ਲਗਾਇਆ ਗਿਆ ਸੀ ਅਤੇ ਟਰੇਨ ਦੇ ਪਲਟਣ ਦਾ ਡਰ ਸੀ, ਇਸ ਲਈ ਰਸਤੇ ਵਿੱਚ ਸਾਰੇ ਸਟੇਸ਼ਨ ਅਤੇ ਫਾਟਕਾਂ ਨੂੰ ਕਵਰ ਕੀਤਾ ਗਿਆ ਸੀ। ਉਥੇ ਹੀ ਅਲਰਟ ਦਿੱਤਾ ਗਿਆ ਅਤੇ ਸਾਰੇ ਸਟੇਸ਼ਨਾਂ ਉਤੇ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਤਾਂ ਕਿ ਜੇਕਰ ਟਰੇਨ ਪਟੜੀ ਤੋਂ ਉਤਰ ਕੇ ਪਲਟ ਜਾਵੇ ਤਾਂ ਕੋਈ ਵੱਡਾ ਹਾਦਸਾ ਨਾ ਵਾਪਰ ਸਕੇ। ਪਰ ਖੁਸ਼ਕਿਸਮਤੀ ਨਾਲ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਅ ਰਹਿ ਗਿਆ।