ਖਬਰਿਸਤਾਨ ਨੈੱਟਵਰਕ- ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਰੋਜ਼ਾਨਾ ਮੀਂਹ ਪੈ ਰਿਹਾ ਹੈ। ਜਲੰਧਰ ਦੀ ਗੱਲ ਕਰੀਏ ਤਾਂ ਬੀਤੇ ਕੱਲ ਸ਼ਾਮ ਵੇਲੇ ਕਾਲੀਆਂ ਘਟਾਵਾਂ ਛਾਈਆਂ ਰਹੀਆਂ ਤੇ ਰਾਤ ਵੇਲੇ ਹਲਕੀ ਕਿਣ-ਮਿਣ ਹੀ ਦੇਖਣ ਨੂੰ ਮਿਲੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਵੀ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ, ਪਰ ਫਿਲਹਾਲ ਤੂਫ਼ਾਨ ਜਾਂ ਭਾਰੀ ਬਾਰਿਸ਼ ਸਬੰਧੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਇਹ ਮੌਸਮ 9 ਅਗਸਤ ਤੱਕ ਇਸੇ ਤਰ੍ਹਾਂ ਰਹੇਗਾ।
ਪੌਂਗ ਡੈਮ ਚ ਪਾਣੀ ਦਾ ਪੱਧਰ ਵਧਿਆ, ਅਲਰਟ ਜਾਰੀ
ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਕਾਰਨ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਕਾਫੀ ਵਧ ਗਿਆ ਹੈ। ਅੱਜ ਸ਼ਾਮ 5 ਵਜੇ ਡੈਮ ਦੇ ਗੇਟ ਖੋਲ੍ਹੇ ਜਾਣਗੇ ਤੇ ਪਾਣੀ ਛੱਡਿਆ ਜਾਵੇਗਾ। ਭਾਖੜਾ ਬਿਆਸ ਪ੍ਰਬੰਧਨ ਬੋਰਡ ਨੇ ਇਸ ਸਬੰਧੀ ਅਲਰਟ ਜਾਰੀ ਕੀਤਾ ਹੈ। ਇਸ ਤਹਿਤ ਪੰਜਾਬ ਦੇ ਦਸੂਹਾ, ਮੁਕੇਰੀਆਂ ਅਤੇ ਟਾਂਡਾ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ। ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਨੂੰ ਵੀ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।ਇਸ ਤੋਂ ਪਹਿਲਾਂ ਸਾਲ 2023 ਵਿੱਚ ਜਦੋਂ ਡੈਮ ਦੇ ਗੇਟ ਖੋਲ੍ਹੇ ਗਏ ਸਨ, ਤਾਂ ਪੰਜਾਬ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਸੀ।ਪੌਂਗ ਡੈਮ ਦੇ ਪਾਣੀ ਦਾ ਪੱਧਰ 1369.44 ਫੁੱਟ ਤੱਕ ਪਹੁੰਚ ਗਿਆ ਹੈ। ਪੌਂਗ ਡੈਮ ਦੇ ਕੈਚਮੈਂਟ ਖੇਤਰ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਹੋਰ ਡੈਮਾਂ ਵਿੱਚ ਵੀ ਪਾਣੀ ਦਾ ਪੱਧਰ ਵਧਿਆ ਹੈ, ਪਰ ਖ਼ਤਰੇ ਦਾ ਕੋਈ ਡਰ ਨਹੀਂ ਹੈ।
ਅੱਜ ਕਿੱਥੇ-ਕਿੱਥੇ ਮੀਂਹ ਪੈਣ ਦੀ ਸੰਭਾਵਨਾ
ਅੱਜ (6 ਅਗਸਤ), ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਮੋਹਾਲੀ ਵਿੱਚ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ (50 ਤੋਂ 75%) ਹੋਣ ਦੀ ਸੰਭਾਵਨਾ ਹੈ। ਗੁਰਦਾਸਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਪਟਿਆਲਾ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ (25 ਤੋਂ 50% ) ਹੋਣ ਦੀ ਸੰਭਾਵਨਾ ਹੈ। ਹੋਰ 12 ਜ਼ਿਲ੍ਹਿਆਂ (ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਮੋਗਾ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ) ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ (25% ) ਹੋਣ ਦੀ ਉਮੀਦ ਹੈ।
ਅਗਲੇ ਤਿੰਨ ਦਿਨਾਂ ਵਿਚ ਕਿਵੇਂ ਦਾ ਰਹੇਗਾ ਮੌਸਮ
7 ਅਗਸਤ ਨੂੰ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਵਿੱਚ 25 ਤੋਂ 50% ਮੀਂਹ ਪੈਣ ਦੀ ਸੰਭਾਵਨਾ ਹੈ। ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਮੋਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ ਵਿੱਚ ਕੁਝ ਥਾਵਾਂ 'ਤੇ 25% ਮੀਂਹ ਪੈਣ ਦੀ ਸੰਭਾਵਨਾ ਹੈ। ਹੋਰ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ।
8 ਅਗਸਤ ਨੂੰ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਮੋਹਾਲੀ ਵਿੱਚ ਜ਼ਿਆਦਾਤਰ ਥਾਵਾਂ 'ਤੇ 50 ਤੋਂ 75% ਮੀਂਹ ਪੈਣ ਦੀ ਸੰਭਾਵਨਾ ਹੈ। ਗੁਰਦਾਸਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਮੋਹਾਲੀ, ਪਟਿਆਲਾ ਵਿੱਚ ਕੁਝ ਥਾਵਾਂ 'ਤੇ 25 ਤੋਂ 50% ਮੀਂਹ ਪੈਣ ਦੀ ਸੰਭਾਵਨਾ ਹੈ।
9 ਅਗਸਤ ਨੂੰ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਵਿੱਚ ਜ਼ਿਆਦਾਤਰ ਥਾਵਾਂ 'ਤੇ 100% ਮੀਂਹ ਪੈਣ ਦੀ ਸੰਭਾਵਨਾ ਹੈ। ਗੁਰਦਾਸਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਮੋਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ ਵਿੱਚ 50 ਤੋਂ 75% ਮੀਂਹ ਪੈਣ ਦੀ ਸੰਭਾਵਨਾ ਹੈ। ਅੰਮ੍ਰਿਤਸਰ, ਲੁਧਿਆਣਾ, ਸੰਗਰੂਰ ਵਿੱਚ ਕੁਝ ਥਾਵਾਂ 'ਤੇ 25 ਤੋਂ 50% ਮੀਂਹ ਪੈਣ ਦੀ ਸੰਭਾਵਨਾ ਹੈ। ਹੋਰ ਜ਼ਿਲ੍ਹਿਆਂ ਵਿੱਚ 25% ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।
ਕਈ ਇਲਾਕਿਆਂ ਵਿਚ ਹੜ੍ਹਾਂ ਦਾ ਖਤਰਾ
ਇਸ ਦੇ ਨਾਲ ਹੀ ਦੱਸ ਦੇਈਏ ਕਿ ਪੰਜਾਬ ਦੇ ਕਈ ਇਲਾਕਿਆਂ ਵਿਚ ਹੜ੍ਹਾਂ ਦਾ ਖਤਰਾ ਵਧ ਗਿਆ ਹੈ। ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਪਿਛਲੇ 24 ਘੰਟਿਆਂ ਤੋਂ ਪਾਣੀ ਵਧ ਰਿਹਾ ਹੈ। ਹਿਮਾਚਲ ਦੇ ਪਹਾੜੀ ਇਲਾਕੇ ਅਤੇ ਚੰਡੀਗੜ੍ਹ ਦੇ ਆਸ ਪਾਸ ਦੇ ਇਲਾਕਿਆਂ ਦਾ ਪਾਣੀ ਘੱਗਰ ਦਰਿਆ ਵਿੱਚ ਆਉਂਦਾ ਹੈ।
ਪਟਿਆਲਾ ਪ੍ਰਸ਼ਾਸਨ ਨੇ ਘੱਗਰ ਦਰਿਆ ਦੇ ਨੇੜੇ ਇਕ ਦਰਜਨ ਤੋਂ ਵੱਧ ਪਿੰਡਾਂ ਲਈ ਐਡਵਾਇਜ਼ਰੀ ਜਾਰੀ ਕਰਦਿਆਂ ਉਨ੍ਹਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਉਤੇ ਪਹੁੰਚਣ ਕਾਰਨ ਪਿੰਡ ਵਾਸੀਆਂ ਨੂੰ ਰਾਜਪੁਰਾ, ਘਨੌਰ ਅਤੇ ਹੋਰ ਨੇੜਲੇ ਇਲਾਕਿਆਂ ਵਿੱਚ ਦਰਿਆ ਵੱਲ ਜਾਣ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ।
ਇਸ ਦੌਰਾਨ ਪਟਿਆਲਾ ਦੀ ਡੀਸੀ ਪ੍ਰੀਤੀ ਯਾਦਵ ਨੇ ਨਾਗਰਿਕਾਂ ਨੂੰ ਸ਼ਾਂਤ ਰਹਿਣ, ਅਫਵਾਹਾਂ ਫੈਲਾਉਣ ਤੋਂ ਬਚਣ ਅਤੇ ਪਾਣੀ ਨਾਲ ਸਬੰਧਤ ਕਿਸੇ ਵੀ ਐਮਰਜੈਂਸੀ ਦੀ ਤੁਰੰਤ ਸੂਚਨਾ ਜ਼ਿਲ੍ਹਾ ਕੰਟਰੋਲ ਰੂਮ ਦੇ ਨੰਬਰ 0175-2350550 ’ਤੇ ਦੇਣ ਦੀ ਅਪੀਲ ਕੀਤੀ ਹੈ।
ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿਚ ਮੀਂਹ ਕਾਰਨ ਬਿਆਸ ਅਤੇ ਸਤਲੁਜ ਵਿਚ ਪਾਣੀ ਦਾ ਪੱਧਰ ਵੀ ਵਧ ਰਿਹਾ ਹੈ। ਹਰੀਕੇ ਹੈੱਡ ਤੋਂ ਹੁਸੈਨੀਵਾਲਾ ਹੈੱਡ ਲਈ 20 ਹਜ਼ਾਰ ਤੋਂ 25 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਹੁਸੈਨੀਵਾਲਾ ਹੈੱਡ ਤੋਂ ਤਿੰਨ ਜਾਂ ਚਾਰ ਗੇਟ ਖੋਲ੍ਹ ਕੇ ਪਾਣੀ ਛੱਡਿਆ ਜਾ ਰਿਹਾ ਹੈ, ਜੋ ਫਾਜ਼ਿਲਕਾ ਵੱਲ ਜਾਵੇਗਾ।