ਖਬਰਿਸਤਾਨ ਨੈੱਟਵਰਕ ਕਪੂਰਥਲਾ - ਸ਼ਹਿਰ ਵਿੱਚ ਅੱਜ ਸਵੇਰ ਦੀ ਸੈਰ ਕਰ ਰਹੇ ਇੱਕ ਐਨਆਰਆਈ ਵਿਅਕਤੀ ਤੋਂ ਬਾਈਕ ਸਵਾਰ ਦੋ ਨਕਾਬਪੋਸ਼ ਲੁਟੇਰੇ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਘਟਨਾ ਪੁਲਸ ਲਾਈਨ ਤੋਂ ਥੋੜ੍ਹੀ ਦੂਰੀ 'ਤੇ ਵਾਪਰੀ ਹੈ।
ਆਈਫੋਨ ਸਮੇਤ ਲੈ ਗਏ ਸੋਨੇ ਦੇ ਗਹਿਣੇ
ਪੀੜਤ ਐਨਆਰਆਈ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਟੇਰਿਆਂ ਨੇ ਉਸ ਨੂੰ ਡਰਾ-ਧਮਕਾ ਕੇ ਉਸ ਦਾ ਆਈਫੋਨ 14 ਪ੍ਰੋ ਮੋਬਾਈਲ, ਰਾਡੋ ਘੜੀ ਤੇ 15 ਤੋਲੇ ਸੋਨੇ ਦੇ ਗਹਿਣੇ ਲੁੱਟ ਲਏ।
ਅਣਪਛਾਤੇ ਲੁਟੇਰਿਆਂ 'ਤੇ ਪਰਚਾ
ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਥਾਣਾ ਸਿਟੀ ਅਰਬਨ ਸਟੇਟ ਦੀ ਪੁਲਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਗੱਲ ਦੀ ਪੁਸ਼ਟੀ ਜਾਂਚ ਅਧਿਕਾਰੀ ਏਐਸਆਈ ਸ਼ਿੰਦਰਪਾਲ ਨੇ ਵੀ ਕੀਤੀ ਹੈ।
ਪੁਲਸ ਲਾਈਨ ਨੇੜੇ ਹੋਈ ਲੁੱਟ-ਖੋਹ
ਨਾਰਵੇ ਤੋਂ ਆਏ ਐਨਆਰਆਈ ਸੁਰੇਸ਼ ਪਾਲ ਸ਼ਰਮਾ ਪੁੱਤਰ ਕਿਸ਼ਨਪਾਲ ਹਾਲ ਵਾਸੀ ਪਿੰਡ ਪੱਤੜ ਕਲਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਸਵੇਰੇ ਸਾਢੇ ਪੰਜ ਵਜੇ ਕਾਂਜਲੀ ਰੋਡ ’ਤੇ ਪੈਦਲ ਜਾ ਰਿਹਾ ਸੀ। ਜਦੋਂ ਉਹ ਪੁਲਸ ਲਾਈਨ ਨੇੜੇ ਸਥਿਤ ਗੈਸ ਏਜੰਸੀ ਦੇ ਗੋਦਾਮ ਤੋਂ ਥੋੜ੍ਹਾ ਅੱਗੇ ਪਹੁੰਚਿਆ ਤਾਂ ਪਿੱਛੇ ਤੋਂ ਆਏ ਬਾਈਕ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ ਅਤੇ ਧਮਕੀਆਂ ਦਿੰਦੇ ਹੋਏ ਉਸ ਕੋਲੋਂ ਆਈਫੋਨ 14 ਪ੍ਰੋ ਮੋਬਾਈਲ, ਇੱਕ ਤੋਲੇ ਦੀਆਂ ਦੋ ਮੁੰਦਰੀਆਂ, 8 ਤੋਲੇ ਦੀ ਚੇਨ, 5 ਤੋਲੇ ਦਾ ਸੋਨੇ ਦਾ ਕੜਾ ਤੇ ਰਾਡੋ ਘੜੀ ਲੈ ਗਏ। ਲੁਟੇਰੇ ਕਾਂਜਲੀ ਵੱਲ ਭੱਜ ਗਏ।
ਸੀਸੀਟੀਵੀ ਫੁਟੇਜ ਦੀ ਜਾਂਚ
ਸਿਟੀ ਪੁਲਸ ਸਟੇਸ਼ਨ ਦੇ ਜਾਂਚ ਅਧਿਕਾਰੀ ਏਐਸਆਈ ਸ਼ਿੰਦਰਪਾਲ ਨੇ ਦੱਸਿਆ ਕਿ ਪੀੜਤ ਐਨਆਰਆਈ ਸੁਰੇਸ਼ ਪਾਲ ਸ਼ਰਮਾ ਦੀ ਸ਼ਿਕਾਇਤ ’ਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।