ਹੁਸ਼ਿਆਰਪੁਰ ਤੋਂ ਅਨੀਤਾ ਸੋਮ ਪ੍ਰਕਾਸ਼ ਨੂੰ ਭਾਜਪਾ ਵੱਲੋਂ ਟਿਕਟ ਦਿੱਤੇ ਜਾਣ ਤੋਂ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨਾਰਾਜ਼ ਚੱਲ ਰਹੇ ਹਨ। ਹੁਣ ਉਨ੍ਹਾਂ ਨੂੰ ਮਨਾਉਣ ਲਈ ਭਾਜਪਾ ਦੇ ਇੰਚਾਰਜ ਵਿਜੇ ਰੂਪਾਨੀ ਤੇ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਉਨ੍ਹਾਂ ਦੀ ਰਿਹਾਇਸ਼ 'ਤੇ ਪੁੱਜੇ।
ਦੂਜੇ ਪਾਸੇ ਅਨੀਤਾ ਸੋਮ ਪ੍ਰਕਾਸ਼ ਨੇ ਹੁਸ਼ਿਆਰਪੁਰ ਤੋਂ ਟਿਕਟ ਦਿੱਤੇ ਜਾਣ 'ਤੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ। 2014 'ਚ ਇੱਥੋਂ ਵਿਜੇ ਸਾਂਪਲਾ ਨੇ ਜਿੱਤ ਹਾਸਲ ਕੀਤੀ ਸੀ, ਜਦਕਿ 2019 'ਚ ਸੋਮ ਪ੍ਰਕਾਸ਼ ਨੇ ਕਾਂਗਰਸ ਦੇ ਰਾਜ ਕੁਮਾਰ ਚੱਬੇਵਾਲ ਨੂੰ ਹਰਾਇਆ ਸੀ। ਹੁਸ਼ਿਆਰਪੁਰ ਉਨ੍ਹਾਂ ਤਿੰਨ ਸੀਟਾਂ 'ਚੋਂ ਇਕ ਹੈ, ਜਿਨ੍ਹਾਂ 'ਤੇ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਰਨ ਵੇਲੇ ਚੋਣ ਲੜੀ ਸੀ ਪਰ ਇਸ ਵਾਰ ਭਾਜਪਾ ਪੰਜਾਬ 'ਚ ਆਪਣੇ ਦਮ 'ਤੇ ਸੀਟਾਂ 'ਤੇ ਚੋਣ ਲੜ ਰਹੀ ਹੈ।