ਹੁਸ਼ਿਆਰਪੁਰ ਦੇ ਮੁਕੇਰੀਆਂ 'ਚ ਐਕਟਿਵਾ ਸਲਿੱਪ ਹੋਣ ਕਾਰਨ 2 ਬੱਚੀਆਂ ਨਹਿਰ 'ਚ ਡਿੱਗ ਗਈਆਂ, ਜਿਸ ਤੋਂ ਬਾਅਦ ਡੁੱਬਣ ਨਾਲ ਦੋਵਾਂ ਬੱਚੀਆਂ ਦੀ ਮੌਤ ਹੋ ਗਈ, ਜਦਕਿ ਮਾਂ ਨੂੰ ਲੋਕਾਂ ਨੇ ਬਚਾ ਲਿਆ। ਸਪਨਾ ਕੁਮਾਰੀ ਦੀਆਂ ਦੋ ਧੀਆਂ ਦੀਆਂ ਲਾਸ਼ਾਂ ਪਾਵਰ ਹਾਊਸ ਨੰਬਰ 4 ਤੋਂ ਬਰਾਮਦ ਹੋਈਆਂ ਹਨ। ਮ੍ਰਿਤਕ ਲੜਕੀਆਂ ਭੂਮਿਕਾ (6 ਸਾਲ) ਅਤੇ ਪਾਰੂ (4 ਮਹੀਨੇ) ਸਨ।
ਪਿੰਡ ਸਿੰਘੋਵਾਲ ਦੀ ਵਸਨੀਕ ਸਪਨਾ ਕੁਮਾਰੀ ਨੇ ਦੱਸਿਆ ਕਿ ਦੁਪਹਿਰ ਡੇਢ ਵਜੇ ਉਹ ਆਪਣੀਆਂ ਦੋ ਧੀਆਂ ਨਾਲ ਐਕਟਿਵਾ ਸਕੂਟਰੀ ’ਤੇ ਦਵਾਈ ਲੈਣ ਲਈ ਜਾ ਰਹੀ ਸੀ ਪਰ ਅਚਾਨਕ ਸਕੂਟਰੀ ਦਾ ਸੰਤੁਲਨ ਗੁਆਚ ਗਿਆ ਤੇ ਸਲਿਪ ਹੋ ਗਈ। ਇਸ ਕਾਰਨ ਉਹ ਦੋਵੇਂ ਲੜਕੀਆਂ ਸਮੇਤ ਨਹਿਰ ਵਿੱਚ ਡਿੱਗ ਗਈ।
ਇਸ ਦੇ ਨਾਲ ਹੀ ਸਪਨਾ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ 12 ਸਾਲ ਹੋ ਗਏ ਹਨ ਤੇ ਉਸਦਾ ਪਤੀ ਵਿਦੇਸ਼ ਵਿੱਚ ਰਹਿੰਦਾ ਹੈ। ਮੁਕੇਰੀਆਂ ਥਾਣਾ ਇੰਚਾਰਜ ਜੋਗਿੰਦਰ ਸਿੰਘ ਨੇ ਦੱਸਿਆ ਕਿ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਜੇਕਰ ਸ਼ਿਕਾਇਤ ਮਿਲਦੀ ਹੈ ਤਾਂ ਅਗਲੀ ਕਾਰਵਾਈ ਕੀਤੀ ਜਾਵੇਗੀ।