ਕੇਰਲ ਦੇ ਕੰਨੂਰ ਜ਼ਿਲੇ ਦੇ ਵਲੱਕਈ 'ਚ ਬੁੱਧਵਾਰ ਨੂੰ ਸਕੂਲ ਬੱਸ ਪਲਟਣ ਨਾਲ ਇਕ ਵਿਦਿਆਰਥੀ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 14 ਬੱਚੇ ਜ਼ਖਮੀ ਹੋ ਗਏ। ਪੁਲਸ ਮੁਤਾਬਕ ਬੱਸ 'ਚ ਸਫਰ ਕਰ ਰਿਹਾ ਵਿਦਿਆਰਥੀ ਖਿੜਕੀ ਤੋਂ ਬਾਹਰ ਡਿੱਗ ਗਿਆ ਅਤੇ ਬੱਸ ਦੇ ਪਲਟਣ 'ਤੇ ਹੇਠਾਂ ਦੱਬ ਕੇ ਉਸ ਦੀ ਮੌਤ ਹੋ ਗਈ। ਇਹ ਬੱਸ ਜ਼ਿਲ੍ਹੇ ਦੇ ਕੁਰੂਮਾਥੁਰ ਸਥਿਤ ਚਿਨਮਯ ਸਕੂਲ ਦੀ ਸੀ। ਮ੍ਰਿਤਕ ਵਿਦਿਆਰਥੀ ਦੀ ਪਛਾਣ ਨੇਧਿਆ ਵਜੋਂ ਹੋਈ ਹੈ, ਜੋ 5ਵੀਂ ਜਮਾਤ 'ਚ ਪੜ੍ਹਦੀ ਸੀ।
ਬੱਸ 'ਚ 20 ਵਿਦਿਆਰਥੀ ਸਨ ਸਵਾਰ
ਜ਼ਖ਼ਮੀ ਵਿਦਿਆਰਥੀਆਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਦਸੇ ਦੇ ਸਮੇਂ ਬੱਸ ਵਿੱਚ 20 ਵਿਦਿਆਰਥੀ ਸਵਾਰ ਸਨ। ਬੱਸ ਕੁਰੂਮਾਥੁਰ ਚਿਨਮਯ ਸਕੂਲ ਦੀ ਸੀ। ਬੱਸ ਬੱਚਿਆਂ ਨੂੰ ਸਕੂਲ ਤੋਂ ਬਾਅਦ ਘਰ ਵਾਪਸ ਲੈ ਕੇ ਜਾ ਰਹੀ ਸੀ। ਪਰ ਰਸਤੇ ਵਿੱਚ ਪੁਲ ਤੋਂ ਹੇਠਾਂ ਉਤਰਦੇ ਸਮੇਂ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ। ਬੱਸ ਤੇਜ਼ੀ ਨਾਲ ਢਲਾਣ ਤੋਂ ਉਤਰਨ ਲੱਗੀ। ਫਿਰ ਇਹ ਇੱਕ ਚੌਰਾਹੇ ਦੇ ਕੋਲ ਇੱਕ ਖੰਭੇ ਨਾਲ ਟਕਰਾ ਕੇ ਦੋ ਵਾਰ ਪਲਟ ਗਈ ।
ਘਟਨਾ ਸੀਸੀਟੀਵੀ 'ਚ ਕੈਦ
ਬੱਸ 'ਚ ਝਟਕੇ ਤੋਂ ਬਾਅਦ ਨੇਧਿਆ ਖਿੜਕੀ ਤੋਂ ਬਾਹਰ ਡਿੱਗ ਗਈ ਅਤੇ ਬੱਸ ਉਸ ਦੇ ਉੱਪਰ ਪਲਟ ਗਈ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਸਾਰੀ ਘਟਨਾ ਨੇੜਲੇ ਘਰ 'ਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਫਿਲਹਾਲ ਪੁਲਸ ਜਾਂਚ 'ਚ ਜੁਟੀ ਹੋਈ ਹੈ।