ਰਾਜਸਥਾਨ ਦੇ ਰਾਜਸਮੰਦ 'ਚ ਅੱਜ ਸਕੂਲੀ ਬੱਚਿਆਂ ਨਾਲ ਭਰੀ ਬੱਸ ਪਲਟ ਗਈ। ਇਸ ਦੌਰਾਨ 3 ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 25 ਬੱਚੇ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਸਕੂਲ ਮੈਨੇਜਮੈਂਟ, ਪੁਲਸ ਪ੍ਰਸ਼ਾਸਨ ਅਤੇ ਬੱਚਿਆਂ ਦੇ ਪਰਿਵਾਰ ਵਾਲਿਆਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਦਸਾ ਸਵੇਰੇ 10 ਵਜੇ ਦੇ ਕਰੀਬ ਵਾਪਰਿਆ ਦੱਸਿਆ ਜਾ ਰਿਹਾ ਹੈ।
3 ਵਿਦਿਆਰਥੀਆਂ ਦੀ ਮੌਕੇ 'ਤੇ ਮੌਤ
ਸਕੂਲ ਦੇ 60 ਬੱਚੇ ਐਤਵਾਰ ਸਵੇਰੇ ਪਿੰਡ ਤੋਂ ਪਿਕਨਿਕ ਟੂਰ 'ਤੇ ਰਵਾਨਾ ਹੋਏ। ਬੱਸ ਗੜ੍ਹਬੋਰ ਤੋਂ ਦੇਸੂਰੀ ਵੱਲ ਜਾ ਰਹੀ ਸੀ ਕਿ ਦੇਸੂਰੀ ਨਾਲੇ ਦੇ ਪੰਜਾਬ ਮੋੜ 'ਤੇ ਬੱਸ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵਿੱਚ ਤਿੰਨ ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋ ਗਈ। ਹਾਦਸੇ ਦਾ ਕਾਰਨ ਬੱਸ ਦੀ ਬਰੇਕ ਫੇਲ ਹੋਣਾ ਦੱਸਿਆ ਜਾ ਰਿਹਾ ਹੈ।
ਹਾਦਸੇ 'ਚ 25 ਬੱਚੇ ਜ਼ਖਮੀ
ਇਸ ਹਾਦਸੇ 'ਚ ਕਰੀਬ 25 ਬੱਚੇ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ 11 ਨੂੰ ਚਾਰਭੁਜਾ (ਰਾਜਸਮੰਦ) ਹਸਪਤਾਲ ਅਤੇ 14 ਜ਼ਖਮੀਆਂ ਨੂੰ ਦੂਜੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਰਛੀਆ (ਅਮੇਟ, ਰਾਜਸਮੰਦ) ਦੇ ਮਹਾਤਮਾ ਗਾਂਧੀ ਸਕੂਲ ਦੇ ਬੱਚੇ ਪਾਲੀ ਜ਼ਿਲੇ ਦੇ ਪਰਸ਼ੂਰਾਮ ਮਹਾਦੇਵ ਮੰਦਰ ਦੇ ਦਰਸ਼ਨਾਂ ਲਈ ਜਾ ਰਹੇ ਸਨ। ਪਰ ਬੱਸ ਬੇਕਾਬੂ ਹੋ ਕੇ ਪੰਜਾਬ ਮੋਡ ਘਾਟੀ ਵਿੱਚ ਪਲਟ ਗਈ ਅਤੇ ਇਹ ਹਾਦਸਾ ਵਾਪਰ ਗਿਆ।