ਪੰਜਾਬ 'ਚ ਠੰਡ ਦਾ ਕਹਿਰ ਵਧਦਾ ਜਾ ਰਿਹਾ ਹੈ। ਪੰਜਾਬ 'ਚ ਠੰਡ ਕਾਰਨ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ 'ਚ ਵਧਦੀ ਠੰਡ ਕਾਰਨ ਸਰਕਾਰ ਨੇ 7 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਪਰ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਸਿੱਖਿਆ ਵਿਭਾਗ ਸਕੂਲਾਂ ਦਾ ਸਮਾਂ ਬਦਲ ਸਕਦਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਕੂਲਾਂ 'ਚ ਸਰਦੀਆਂ ਦੀਆਂ ਛੁੱਟੀਆਂ 24 ਤੋਂ 31 ਦਸੰਬਰ ਤੱਕ ਸੀ ,ਪਰ ਠੰਡ ਵਧਣ ਕਾਰਨ ਸਿੱਖਿਆ ਵਿਭਾਗ ਵੱਲੋਂ ਛੁੱਟੀਆਂ ਹੋਰ ਵਧਾ ਦਿੱਤੀਆਂ ਗਈਆਂ। ਪਿਛਲੇ ਲਗਾਤਾਰ 3 ਦਿਨਾਂ ਤੋਂ ਸੰਘਣੀ ਧੁੰਦ ਕਾਰਨ ਸੜਕ ਹਾਦਸੇ ਵਾਪਰ ਰਹੇ ਹਨ। ਅੰਮ੍ਰਿਤਸਰ ਅਤੇ ਪਠਾਨਕੋਟ 'ਚ ਅੱਧੀ ਰਾਤ ਤੋਂ ਵਿਜ਼ੀਬਿਲਟੀ ਜ਼ੀਰੋ 'ਤੇ ਪਹੁੰਚ ਗਈ ਹੈ।
12 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਅਤੇ ਤੂਫ਼ਾਨ ਦਾ ਅਲਰਟ
ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਅਤੇ ਤੂਫਾਨ ਦਾ ਅਲਰਟ ਜਾਰੀ ਕੀਤਾ ਗਿਆ ਹੈ, ਧੁੰਦ ਕਾਰਨ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਡਾਣਾਂ ਦੀ ਆਵਾਜਾਈ ਵਿੱਚ ਵਿਘਨ ਪਿਆ ਹੈ। ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਬੈਂਕਾਕ ਤੋਂ ਆ ਰਹੀ ਫਲਾਈਟ ਅੰਮ੍ਰਿਤਸਰ 'ਚ ਨਹੀਂ ਉਤਰ ਸਕੀ ਅਤੇ ਇਸ ਨੂੰ ਲਖਨਊ ਵੱਲ ਮੋੜ ਦਿੱਤਾ ਗਿਆ। ਮਲੇਸ਼ੀਆ ਏਅਰਲਾਈਨਜ਼ ਦੀ ਫਲਾਈਟ ਦਿੱਲੀ ਲਈ ਰਵਾਨਾ ਕੀਤੀ ਗਈ ਸੀ।
ਪੱਛਮੀ ਗੜਬੜੀ ਦੇ ਸਰਗਰਮ ਹੋਣ ਤੋਂ ਬਾਅਦ ਪੰਜਾਬ 'ਚ ਮੀਂਹ ਦੀ ਸੰਭਾਵਨਾ
ਮੌਸਮ ਵਿਭਾਗ ਅਨੁਸਾਰ ਅੱਜ ਰਾਤ ਪੱਛਮੀ ਗੜਬੜੀ ਦੇ ਸਰਗਰਮ ਰਹਿਣ ਦੀ ਸੰਭਾਵਨਾ ਹੈ। ਜਿਸ ਕਾਰਨ 5-6 ਦਸੰਬਰ ਨੂੰ ਪੰਜਾਬ ਵਿੱਚ ਮੀਂਹ ਅਤੇ ਹਨੇਰੀ ਦੀ ਸੰਭਾਵਨਾ ਹੈ। ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਅਤੇ ਤੂਫ਼ਾਨ ਦਾ ਅਲਰਟ ਜਾਰੀ ਕੀਤਾ ਗਿਆ ਹੈ। ਚੰਡੀਗੜ੍ਹ ਵਿੱਚ ਵੀ ਅਜਿਹੇ ਹੀ ਹਾਲਾਤ ਦੇਖਣ ਨੂੰ ਮਿਲਣਗੇ। ਇਸ ਤੋਂ ਬਾਅਦ ਰਾਤ ਦਾ ਤਾਪਮਾਨ 2-3 ਡਿਗਰੀ ਵਧ ਸਕਦਾ ਹੈ ਅਤੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 2 ਤੋਂ 3 ਡਿਗਰੀ ਤੱਕ ਘੱਟ ਸਕਦਾ ਹੈ।