ਕਿਸਾਨਾਂ ਦੇ ਦਿੱਲੀ ਮਾਰਚ ਦਾ ਅੱਜ ਦੂਜਾ ਦਿਨ ਹੈ। ਮੰਗਲਵਾਰ 13 ਫਰਵਰੀ ਨੂੰ ਹਰਿਆਣਾ ਦੇ ਸ਼ੰਭੂ ਬਾਰਡਰ 'ਤੇ ਕਿਸਾਨਾਂ ਨੂੰ ਰੋਕਣ ਲਈ ਪੁਲਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ। ਅਜਿਹਾ ਹੀ ਹਾਲ ਜੀਂਦ ਬਾਰਡਰ 'ਤੇ ਵੀ ਦੇਖਣ ਨੂੰ ਮਿਲਿਆ। ਅੱਜ ਫਿਰ ਕਿਸਾਨ ਦਿੱਲੀ ਵੱਲ ਮਾਰਚ ਕਰਨ ਲਈ ਤਿਆਰ ਹਨ।ਕਿਸਾਨ ਮੋਰਚਾ ਦੇ ਕੋਆਰਡੀਨੇਟਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਦਿੱਲੀ ਜਾਣਗੇ।
ਹਰਿਆਣਾ ਪੁਲਸ ਅਲਰਟ 'ਤੇ
ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਬੀ.ਐਸ.ਐਫ. ਜਵਾਨ ਤਾਇਨਾਤ ਕੀਤੇ ਹਨ। ਹਰਿਆਣਾ ਦੇ ਬਾਰਡਰ ਸੀਲ ਕੀਤੇ ਗਏ ਹਨ। ਮੰਗਲਵਾਰ ਨੂੰ ਦਿਨ ਭਰ ਪੁਲਸ ਅਤੇ ਕਿਸਾਨਾਂ ਵਿਚਾਲੇ ਝੜਪ ਹੁੰਦੀ ਰਹੀ ਤੇ ਕਿਸਾਨਾਂ ਵੱਲ ਹੰਝੂ ਗੈਸ ਦੇ ਗੋਲੇ ਸੁੱਟੇ ਗਏ।
7 ਜ਼ਿਲ੍ਹਿਆਂ ਵਿੱਚ ਨੈੱਟ ਬੰਦ ਹੈ
ਅੰਦੋਲਨ ਨਾਲ ਜੁੜੀਆਂ ਅਫਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਸੱਤ ਜ਼ਿਲ੍ਹਿਆਂ ਵਿੱਚ ਇੰਟਰਨੈੱਟ 'ਤੇ ਪਾਬੰਦੀ 15 ਫਰਵਰੀ ਤੱਕ ਲਗਾ ਦਿੱਤੀ ਗਈ ਹੈ। ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ, ਸਿਰਸਾ ਅਤੇ ਡੱਬਵਾਲੀ ਵਿੱਚ ਮੋਬਾਈਲ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕਿਸਾਨ 10 ਵਜੇ ਪੰਜਾਬ ਤੋਂ ਹਰਿਆਣਾ ਲਈ ਰਵਾਨਾ ਹੋਏ। ਦੁਪਹਿਰ ਕਰੀਬ 12 ਵਜੇ ਕਿਸਾਨ ਇਕੱਠੇ ਹੋ ਕੇ ਪੰਜਾਬ-ਹਰਿਆਣਾ ਦੇ ਸ਼ੰਭੂ, ਖਨੌਰੀ ਅਤੇ ਡੱਬਵਾਲੀ ਬਾਰਡਰ 'ਤੇ ਪਹੁੰਚੇ। ਜ਼ਿਆਦਾਤਰ ਕਿਸਾਨ ਸ਼ੰਭੂ ਬਾਰਡਰ 'ਤੇ ਪਹੁੰਚ ਗਏ। ਜਿਵੇਂ ਹੀ ਕਿਸਾਨ ਇੱਥੇ ਪੁੱਜੇ ਤਾਂ ਹਰਿਆਣਾ ਪੁਲਸ ਨੇ ਅੱਥਰੂ ਗੈਸ ਦੇ ਗੋਲੇ ਛੱਡਣੇ ਸ਼ੁਰੂ ਕਰ ਦਿੱਤੇ।
ਇਸ ਦੇ ਨਾਲ ਹੀ ਕਿਸਾਨਾਂ ਨੇ ਸੜਕ ਦੇ ਵਿਚਕਾਰ ਪਈਆਂ ਸੀਮੈਂਟ ਦੀਆਂ ਸਲੈਬਾਂ ਨੂੰ ਟਰੈਕਟਰਾਂ ਨਾਲ ਹਟਾ ਦਿੱਤਾ, ਜਿਸ ਤੋਂ ਬਾਅਦ ਹਰਿਆਣਾ ਪੁਲਸ ਨੇ ਰਬੜ ਦੀਆਂ ਗੋਲੀਆਂ ਵੀ ਚਲਾਈਆਂ। ਇਸ ਦੌਰਾਨ ਅੰਬਾਲਾ ਪੁਲਸ ਦੇ ਡੀਐਸਪੀ ਸਮੇਤ 5 ਪੁਲਸ ਮੁਲਾਜ਼ਮ ਅਤੇ ਕਈ ਕਿਸਾਨ ਵੀ ਜ਼ਖ਼ਮੀ ਹੋ ਗਏ।