ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਦਾ ਸੰਸਦ ਵਿੱਚ ਜ਼ੋਰ-ਸ਼ੋਰ ਨਾਲ ਚੁੱਕਿਆ। ਹੁਣ ਇਸ 'ਤੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਹੁਣ ਮੇਰੇ ਮਨ ਨੂੰ ਸ਼ਾਂਤੀ ਮਿਲੀ ਹੈ ਅਤੇ ਮੈਨੂੰ ਆਸ ਹੈ ਕਿ ਨਿਆਂ ਜ਼ਰੂਰ ਮਿਲੇਗਾ। ਇਸੇ ਉਮੀਦ ਨਾਲ ਮੈਂ ਕਾਂਗਰਸ ਲਈ ਪ੍ਰਚਾਰ ਕੀਤਾ ਸੀ।
ਸੰਸਦ ਵਿੱਚ ਗੂੰਜੀ ਸਿੱਧੂ ਮੂਸੇਵਾਲਾ ਕਤਲ ਦੇ ਇਨਸਾਫ ਦੀ ਮੰਗ
ਰਾਜਾ ਵੜਿੰਗ ਨੇ ਸੰਸਦ ਵਿੱਚ ਸਿੱਧੂ ਮੂਸੇਵਾਲੇ ਦੇ ਕਤਲ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਅੱਜ ਤੱਕ ਵੀ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ। ਪਰਿਵਾਰ ਨੂੰ ਅਜੇ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਪਰਿਵਾਰ ਨੂੰ ਅਜੇ ਵੀ ਇਨਸਾਫ ਦੀ ਆਸ ਹੈ।
ਸਿੱਧੂ ਦੇ ਗੀਤਾਂ 'ਤੇ ਪੂਰੀ ਦੁਨੀਆ ਨੱਚੀ
ਸਿੱਧੂ ਮੂਸੇਵਾਲੇ ਬਾਰੇ ਗੱਲ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਹ ਇੱਕ ਮਸ਼ਹੂਰ ਅਤੇ ਜਾਣੇ-ਪਛਾਣੇ ਕਲਾਕਾਰ ਸਨ। ਇੱਥੇ ਹੀ ਨਹੀਂ ਬਲਕਿ ਦੁਨੀਆ ਭਰ ਵਿੱਚ ਹਰ ਥਾਂ ਲੋਕਾਂ ਨੇ ਉਸ ਦੇ ਗੀਤਾਂ ਨੂੰ ਪਸੰਦ ਕੀਤਾ। ਦੁਨੀਆ ਉਸ ਦੇ ਗੀਤਾਂ 'ਤੇ ਨੱਚਦੀ ਸੀ, ਪਰ ਉਹ ਗਾਇਕ ਮਾਰਿਆ ਗਿਆ।
ਗੈਂਗਸਟਰਾਂ ਨੂੰ ਜੇਲ੍ਹਾਂ ਵਿੱਚ ਪਾਲਿਆ ਜਾ ਰਿਹਾ
ਰਾਜਾ ਵੜਿੰਗ ਨੇ ਅੱਗੇ ਕਿਹਾ ਕਿ ਤਿਹਾੜ ਜੇਲ 'ਚ ਬੈਠੇ ਗੈਂਗਸਟਰ ਖੁੱਲ੍ਹੇਆਮ ਕਬੂਲ ਕਰ ਰਹੇ ਹਨ ਕਿ ਸਿੱਧੂ ਮੂਸੇਵਾਲਾ ਨੂੰ ਉਨ੍ਹਾਂ ਨੇ ਹੀ ਮਾਰਿਆ ਹੈ। ਫਿਰ ਵੀ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਗੈਂਗਸਟਰਾਂ ਨੂੰ ਜੇਲ੍ਹਾਂ ਵਿੱਚ ਪਾਲਿਆ ਜਾ ਰਿਹਾ ਹੈ।