ਖਬਰਿਸਤਾਨ ਨੈੱਟਵਰਕ- ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਵਿੱਚ ਅੱਜ ਸਵੇਰੇ ਵਾਪਰੇ ਦਰਦਨਾਕ ਹਾਦਸੇ ਵਿਚ ਹੁਣ ਤੱਕ 8 ਲੋਕਾਂ ਦੀ ਜਾਨ ਚਲੀ ਗਈ ਹੈ। ਜਿਥੇ ਕਿ ਇੱਕ ਮਿੰਨੀ ਬੱਸ ਅਤੇ ਕਾਰ ਵਿਚਕਾਰ ਟੱਕਰ ਹੋਈ ਸੀ। ਇਸ ਵਿਚ ਕਈ ਦਰਜਨ ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਦਸੂਹਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।
CM ਮਾਨ ਨੇ ਹਾਦਸੇ ਉਤੇ ਜਤਾਇਆ ਦੁੱਖ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਹਾਦਸੇ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਐਕਸ ਉਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਦੇ ਪਿੰਡ ਸਗਰਾ 'ਚ ਵੱਡਾ ਹਾਦਸਾ ਵਾਪਰਿਆ ਹੈ, ਜਿੱਥੇ ਸਵਾਰੀਆਂ ਨਾਲ ਭਰੀ ਨਿਜੀ ਮਿੰਨੀ ਬੱਸ ਅਤੇ ਕਾਰ ਦੀ ਆਪਸੀ ਟੱਕਰ ਹੋਈ ਹੈ। ਜਿਸ ਵਿੱਚ ਕਈ ਲੋਕਾਂ ਦੀ ਦੁਖਦਾਈ ਮੌਤ ਦੀ ਖ਼ਬਰ ਮਿਲੀ ਹੈ ਅਤੇ ਕਈ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਪ੍ਰਸ਼ਾਸਨ ਨੂੰ ਤੁਰੰਤ ਜ਼ਖ਼ਮੀਆਂ ਦੀ ਮਦਦ ਕਰਨ ਨੂੰ ਕਿਹਾ ਹੈ ਤੇ ਮੈਂ ਲਗਾਤਾਰ ਪ੍ਰਸ਼ਾਸਨ ਨਾਲ ਰਾਬਤੇ 'ਚ ਹਾਂ।
ਇਸ ਹਾਦਸੇ 'ਚ ਜਾਨ ਗਵਾਉਣ ਵਾਲੇ ਯਾਤਰੀਆਂ ਦੀ ਆਤਮਿਕ ਸ਼ਾਂਤੀ ਦੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਅਤੇ ਜ਼ਖ਼ਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹਾਂ।
ਹਾਦਸਾ ਦਸੂਹਾ-ਹਾਜੀਪੁਰ ਸੜਕ 'ਤੇ ਵਾਪਰਿਆ
ਇਹ ਹਾਦਸਾ ਅੱਜ ਸਵੇਰੇ ਦਸੂਹਾ-ਹਾਜੀਪੁਰ ਸੜਕ 'ਤੇ ਅੱਡਾ ਸਗਰਾ ਨੇੜੇ ਵਾਪਰਿਆ। ਇਸ ਦੌਰਾਨ ਬੱਸ ਵਿੱਚ ਕੁੱਲ 39 ਯਾਤਰੀ ਸਵਾਰ ਸਨ। ਮ੍ਰਿਤਕਾਂ ਵਿੱਚ ਮਾਂ ਅਤੇ ਧੀ ਵੀ ਸ਼ਾਮਲ ਹਨ। ਉਨ੍ਹਾਂ ਦੀ ਪਛਾਣ ਰੱਜੂ ਬਾਲਾ, ਧੀ ਅਸ਼ਰਫ਼ ਅਲੀ ਅਤੇ ਪਤਨੀ ਮੀਨਾ, ਪਤਨੀ ਅਸ਼ਰਫ਼ ਅਲੀ, ਵਾਸੀ ਬੁੱਢਾ ਮੱਲ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਮੌਕੇ 'ਤੇ ਚੀਕ-ਚਿਹਾੜਾ ਮਚ ਗਿਆ।