ਲੁਧਿਆਣਾ ਦੇ ਡਿਵੀਜ਼ਨ ਨੰਬਰ 3 ਨੇੜੇ ਹੌਜ਼ਰੀ ਫੈਕਟਰੀ ਵਿੱਚ ਰਾਤ 11 ਵਜੇ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਛੱਤ 'ਤੇ ਸੌਂ ਰਹੇ ਦੋ ਕਿਰਾਏਦਾਰ ਅਤੇ ਮਕਾਨ ਮਾਲਕ ਦਾ ਧੂੰਏਂ ਕਾਰਨ ਦਮ ਘੁੱਟ ਗਿਆ। ਜਿਸ ਫੈਕਟਰੀ ਵਿੱਚ ਅੱਗ ਲੱਗੀ ਉਹ ਡਿਵੀਜ਼ਨ ਨੰਬਰ 3 ਪੁਰਾਣੀ ਗਊਸ਼ਾਲਾ ਦੇ ਸਾਹਮਣੇ ਹੈ। ਜ਼ਖ਼ਮੀਆਂ ਨੂੰ CMC ਹਸਪਤਾਲ ਲਿਜਾਇਆ ਗਿਆ, ਜਿੱਥੇ ਇੱਕ ਦੀ ਮੌਤ ਹੋ ਗਈ।
ਅੱਗ ਦੀਆਂ ਲਪਟਾਂ ਦੇਖ ਕੇ ਲੋਕਾਂ 'ਚ ਮੱਚ ਗਈ ਭਗਦੜ
ਹਰਬੰਸਪੁਰਾ ਇਲਾਕੇ ਵਿੱਚ ਫੈਕਟਰੀ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖ ਕੇ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਨੇ ਖੁਦ ਪਾਣੀ ਦੀਆਂ ਬਾਲਟੀਆਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਨਹੀਂ ਬੁਝੀ। ਆਖ਼ਰਕਾਰ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ।
ਛੱਤ 'ਤੇ ਫਸੇ ਲੋਕਾਂ ਨੂੰ ਬਚਾਇਆ
ਛੱਤ 'ਤੇ ਫਸੇ ਲੋਕਾਂ ਨੂੰ ਫਾਇਰ ਬ੍ਰਿਗੇਡ ਕਰਮਚਾਰੀਆਂ ਤੇ ਸਥਾਨਕ ਨਿਵਾਸੀਆਂ ਨੇ ਬਚਾਇਆ। ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਤੁਰੰਤ CMC ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਨੇ ਇਕ ਕਿਰਾਏਦਾਰ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਮਾਲਕ ਅਤੇ ਹੋਰ ਕਿਰਾਏਦਾਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
1 ਘੰਟੇ ਬਾਅਦ ਅੱਗ 'ਤੇ ਪਾਇਆ ਗਿਆ ਕਾਬੂ
ਮਾਮਲੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ | ਇਕ ਘੰਟੇ ਬਾਅਦ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਹਰਬੰਸਪੁਰਾ ਇਲਾਕੇ ਵਿੱਚ ਮੋਹਨ ਲਾਲ ਧੀਰੀ ਦੇ ਘਰ ਦੀ ਗਰਾਊਂਡ ਫਲੋਰ ’ਤੇ ਪਿਛਲੇ ਕਾਫੀ ਸਮੇਂ ਤੋਂ ਹੌਜ਼ਰੀ ਦਾ ਕੰਮ ਚੱਲ ਰਿਹਾ ਹੈ।