ਚੰਡੀਗੜ੍ਹ ਮੇਅਰ ਚੋਣ ਸਬੰਧੀ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਰਿਟਰਨਿੰਗ ਅਫ਼ਸਰ ਅਨਿਲ ਮਸੀਹ ਨੂੰ ਫਟਕਾਰ ਲਗਾਈ ਗਈ। ਸੁਪਰੀਮ ਕੋਰਟ ਨੇ ਅਨਿਲ ਮਸੀਹ ਨੂੰ ਸਖਤ ਲਹਿਜੇ 'ਚ ਪੁੱਛਿਆ, ਤੁਸੀਂ ਬੈਲਟ ਪੇਪਰ 'ਤੇ ਦਸਤਖਤ ਕਿਉਂ ਕਰ ਰਹੇ ਸੀ? ਅਤੇ ਤੁਸੀਂ ਕੈਮਰੇ ਵੱਲ ਵਾਰ-ਵਾਰ ਕਿਉਂ ਦੇਖ ਰਹੇ ਸੀ?
ਅਨਿਲ ਮਸੀਹ ਦੇ ਜਵਾਬ ਤੋਂ ਨਾਰਾਜ਼ ਸੁਪਰੀਮ ਕੋਰਟ
ਇਸ 'ਤੇ ਅਨਿਲ ਮਸੀਹ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਂਸਲਰ ਸਾਹਮਣੇ ਹੰਗਾਮਾ ਕਰ ਰਹੇ ਸਨ ਅਤੇ ਵਾਰ-ਵਾਰ ਕੈਮਰਾ-ਕੈਮਰਾ ਕਹਿ ਰਹੇ ਸਨ। ਇਸ ਲਈ ਮੈਂ ਕੈਮਰੇ ਵੱਲ ਦੇਖਿਆ। ਸੁਪਰੀਮ ਕੋਰਟ ਨੇ ਉਨ੍ਹਾਂ ਦੇ ਜਵਾਬ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਅਨਿਲ ਮਸੀਹ ਖਿਲਾਫ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।
ਲੋਕਤੰਤਰ ਵਿੱਚ ਇਸ ਦੀ ਇਜਾਜ਼ਤ ਨਹੀਂ
ਚੀਫ ਜਸਟਿਸ ਆਫ ਇੰਡੀਆ (ਸੀਜੇਆਈ) ਡੀਵਾਈ ਚੰਦਰਚੂੜ ਨੇ ਕਿਹਾ ਕਿ ਤੁਸੀਂ ਉਨ੍ਹਾਂ ਬੈਲਟ ਪੇਪਰਾਂ 'ਤੇ ਨਿਸ਼ਾਨ ਕਿਉਂ ਲਗਾ ਰਹੇ ਸੀ? ਇਸ 'ਤੇ ਅਨਿਲ ਮਸੀਹ ਕਹਿੰਦਾ ਹੈ ਤਾਂ ਕਿ ਮੈਂ ਉਸ ਨੂੰ ਮਾਰਕ ਕਰ ਸਕਾਂ। ਉਨ੍ਹਾਂ ਦੇ ਜਵਾਬ ਤੋਂ ਬਾਅਦ ਸੀਜੇਆਈ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਤੁਸੀਂ ਮਾਰਕ ਕਰ ਦਿੱਤਾ ਹੈ। ਤੁਹਾਡੇ 'ਤੇ ਮੁਕੱਦਮਾ ਕੀਤਾ ਜਾਵੇਗਾ। ਲੋਕਤੰਤਰ ਵਿੱਚ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਚੋਣਾਂ ਦੁਬਾਰਾ ਹੋਣੀਆਂ ਹਨ ਜਾਂ ਨਹੀਂ, ਇਸ ਦਾ ਫੈਸਲਾ ਭਲਕੇ
ਸੁਪਰੀਮ ਕੋਰਟ ਨੇ ਕਿਹਾ ਕਿ ਇਸ ਮਾਮਲੇ ਦੀ ਰਾਅ ਫੁਟੇਜ ਦੁਬਾਰਾ ਦੇਖੀ ਜਾਵੇਗੀ। ਇਸ ਮਾਮਲੇ ਦੀ ਸੁਣਵਾਈ ਭਲਕੇ ਯਾਨੀ ਮੰਗਲਵਾਰ 20 ਫਰਵਰੀ ਨੂੰ ਹੋਵੇਗੀ।ਇਸ ਮਾਮਲੇ ਵਿੱਚ ਮੁੜ ਚੋਣਾਂ ਹੋਣ ਜਾਂ ਨਾ ਹੋਣ ਬਾਰੇ ਭਲਕੇ ਫੈਸਲਾ ਲਿਆ ਜਾਵੇਗਾ। ਸੁਪਰੀਮ ਕੋਰਟ ਨੇ ਡੀ ਸੀ ਨੂੰ ਇੱਥੇ ਨਵਾਂ ਚੋਣ ਅਧਿਕਾਰੀ ਨਿਯੁਕਤ ਕਰਨ ਲਈ ਵੀ ਕਿਹਾ ਹੈ।