26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ 'ਤੇ ਇੱਕ ਨੌਜਵਾਨ ਨੇ ਅੰਮ੍ਰਿਤਸਰ 'ਚ ਹਥੌੜੀ ਨਾਲ ਡਾ: ਭੀਮ ਰਾਓ ਅੰਬੇਡਕਰ ਦੀ ਮੂਰਤੀ ਤੋੜਨ ਦੀ ਕੋਸ਼ਸ਼ ਕੀਤੀ ਸੀ। ਜਿਸ ਤੋਂ ਬਾਅਦ ਹੁਣ ਅੰਮ੍ਰਿਤਸਰ 'ਚ ਦਲਿਤ ਭਾਈਚਾਰੇ ਨੇ ਬੰਦ ਦਾ ਸੱਦਾ ਦਿੱਤਾ ਹੈ। ਹੁਣ ਇਸ ਮਾਮਲੇ 'ਤੇ ਦੋਸ਼ੀ ਦੀ ਮਾਂ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਆਈ ਹੈ ਅਤੇ ਉਨ੍ਹਾਂ ਨੇ ਆਪਣੇ ਬੇਟੇ ਨੂੰ ਲੈ ਕੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।
3 ਮਹੀਨੇ ਪਹਿਲਾਂ ਹੀ ਆਇਆ ਸੀ ਵਾਪਸ
ਮੁਲਜ਼ਮ ਅਕਾਸ਼ਦੀਪ ਦੀ ਮਾਂ ਨੇ ਦੱਸਿਆ ਕਿ ਮੈਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹਾਂ। ਇਸ ਗੱਲ ਦਾ ਮੈਨੂੰ ਕੱਲ੍ਹ ਕੰਮ ਤੋਂ ਵਾਪਸ ਆਉਣ 'ਤੇ ਪਤਾ ਲੱਗਾ। ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ। ਪਿਛਲੇ 3 ਸਾਲਾਂ ਤੋਂ ਉਹ ਘਰ ਤੋਂ ਦੁਬਈ ਵਿੱਚ ਕੰਮ ਕਰਨ ਲਈ ਚਲਾ ਗਿਆ ਸੀ। ਉਹ 2-3 ਮਹੀਨੇ ਪਹਿਲਾਂ ਹੀ ਵਾਪਸ ਆਇਆ ਸੀ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਅਕਾਸ਼ਦੀਪ ਜਦੋਂ ਤੋਂ ਦੁਬਈ ਗਿਆ ਉਦੋਂ ਤੋਂ ਹੀ ਉਸ ਨੇ ਕੇਸ ਰੱਖੇ ਹਨ। ਇਸ ਤੋਂ ਪਹਿਲਾਂ ਉਹ ਆਪਣੇ ਕੇਸ ਨਹੀਂ ਰੱਖਦਾ ਸੀ। ਦੁਬਈ ਜਾਣ ਤੋਂ ਬਾਅਦ ਸਾਡੀ ਉਸ ਨਾਲ ਗੱਲ ਨਹੀਂ ਹੁੰਦੀ ਸੀ | ਉਹ ਕਹਿੰਦਾ ਸੀ ਕਿ ਮੇਰੇ ਪਰਿਵਾਰ ਦੇ ਜੀਅ ਮਰ ਵੀ ਜਾਣ ਤਾਂ ਵੀ ਮੈਂ ਨਹੀਂ ਆਵਾਂਗਾ। ਦੁਬਈ ਜਾਣ ਤੋਂ ਬਾਅਦ ਉਹ ਕਦੇ ਘਰ ਨਹੀਂ ਪਰਤਿਆ। ਉਸਨੇ ਜੋ ਵੀ ਕੀਤਾ ਉਹ ਗਲਤ ਕੀਤਾ ।
24 ਸਕਿੰਟਾਂ ਵਿੱਚ 8 ਵਾਰ ਹਮਲਾ ਕੀਤਾ
ਦੱਸ ਦੇਈਏ ਕਿ ਗਣਤੰਤਰ ਦਿਵਸ ਮੌਕੇ 'ਤੇ ਇੱਕ ਨੌਜਵਾਨ ਨੇ ਅੰਮ੍ਰਿਤਸਰ 'ਚ ਹਥੌੜੀ ਨਾਲ ਡਾ: ਭੀਮ ਰਾਓ ਅਬੇਂਡਕਰ ਦੀ ਮੂਰਤੀ ਤੋੜਨ ਦੀ ਕੋਸ਼ਸ਼ ਕੀਤੀ ਸੀ। ਉਸ ਨੇ 24 ਸਕਿੰਟਾਂ ਵਿੱਚ 8 ਵਾਰ ਹਮਲਾ ਕੀਤਾ। ਹਾਲਾਂਕਿ, ਘਟਨਾ ਤੋਂ ਬਾਅਦ ਲੋਕਾਂ ਨੇ ਨੌਜਵਾਨ ਨੂੰ ਫੜ ਲਿਆ ਉਸ ਦੀ ਕੁੱਟ-ਮਾਰ ਕੀਤੀ ਅਤੇ ਪੁਲਸ ਨੂੰ ਸੂਚਿਤ ਕੀਤਾ। ਇਹ ਘਟਨਾ ਹੈਰੀਟੇਜ ਸਟਰੀਟ 'ਤੇ ਵਾਪਰੀ ਜੋ ਕਿ ਪੁਲਸ ਸਟੇਸ਼ਨ ਤੋਂ ਲਗਭਗ 150 ਮੀਟਰ ਦੀ ਦੂਰੀ 'ਤੇ ਹੈ। ਦੋਸ਼ੀ ਦੀ ਪਛਾਣ ਆਕਾਸ਼ ਵਜੋਂ ਹੋਈ ਹੈ, ਜੋ ਧਰਮਕੋਟ ਦਾ ਰਹਿਣ ਵਾਲਾ ਹੈ।