ਅਮਰੀਕਾ ਤੋਂ ਡਿਪੋਰਟ ਭਾਰਤੀਆਂ ਦਾ ਤੀਜਾ ਜਹਾਜ਼ ਬੀਤੀ ਰਾਤ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਉਤੇ ਲੈਂਡ ਕੀਤਾ। ਦੱਸ ਦੇਈਏ ਕਿ ਇਸ ਜਹਾਜ਼ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਰਹਿ ਰਹੇ 112 ਭਾਰਤੀ ਨਾਗਰਿਕਾਂ ਨੂੰ ਭਾਰਤ ਲੈ ਕੇ ਆਇਆ।
ਇਨ੍ਹਾਂ ਵਿੱਚ ਹਰਿਆਣਾ ਦੇ 44 ਅਤੇ ਪੰਜਾਬ ਦੇ 33 ਲੋਕ ਤੇ ਗੁਜਰਾਤ ਤੋਂ 33 ਸ਼ਾਮਲ ਹਨ। ਜਿਨ੍ਹਾਂ ਵਿਚ ਅੰਮ੍ਰਿਤਸਰ 4, ਹੁਸ਼ਿਆਰਪੁਰ 2,ਲੁਧਿਆਣਾ 2 ,ਫਿਰੋਜ਼ਪੁਰ 3,ਜਲੰਧਰ 4,ਗੁਰਦਾਸਪੁਰ 6,ਕਪੂਰਥਲਾ 3,ਮਾਨਸਾ 2,ਪਟਿਆਲਾ 2,ਮੁਹਾਲੀ 1,ਨਵਾਂਸ਼ਹਿਰ 1 ,ਸੰਗਰੂਰ 1 ਹਨ। ਇਨ੍ਹਾਂ ਵਿਚ 10 ਬੱਚਿਆਂ ਸਮੇਤ 89 ਪੁਰਸ਼ ਅਤੇ ਚਾਰ ਕੁੜੀਆਂ ਸਮੇਤ 23 ਔਰਤਾਂ ਸ਼ਾਮਿਲ ਹਨ।
ਦੂਜੇ ਜਹਾਜ਼ ਵਿਚ ਆਏ ਸਨ 116 ਭਾਰਤੀ
ਅਮਰੀਕਾ ਤੋਂ ਡਿਪੋਰਟ ਕੀਤੇ 116 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਅਮਰੀਕੀ ਫੌਜ ਦਾ ਦੂਜਾ ਜਹਾਜ਼ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ ਸੀ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਵਿਚ 116 ਭਾਰਤੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਪ੍ਰਵਾਸੀ ਭਾਰਤੀਆਂ ਨੂੰ ਲੈ ਕੇ ਹੁਣ ਤੱਕ 3 ਜਹਾਜ਼ ਆ ਚੁੱਕੇ ਹਨ। ਸਭ ਤੋਂ ਪਹਿਲਾਂ ਜਹਾਜ਼ 104 ਭਾਰਤੀਆਂ ਨੂੰ ਅਮਰੀਕਾ ਤੋਂ ਅੰਮ੍ਰਿਤਸਰ ਏਅਰਪੋਰਟ ਲੈ ਕੇ ਆਇਆ ਸੀ।
2 ਨੌਜਵਾਨਾਂ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ
ਦੱਸ ਦੇਈਏ ਕਿ ਡਿਪੋਰਟਰਾਂ ਵਿਚੋਂ ਆਏ 2 ਨੌਜਵਾਨਾਂ ਸੰਦੀਪ ਅਤੇ ਪ੍ਰਦੀਪ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।ਦੱਸਿਆ ਜਾ ਰਿਹਾ ਹੈ ਕਿ ਦੋਵੇਂ ਰਾਜਪੁਰਾ ਵਿੱਚ 175/23 FIR ਦੇ ਤਹਿਤ ਕਤਲ ਕੇਸ ਵਿੱਚ ਭਗੌੜੇ ਸਨ।ਇਸ ਦੌਰਾਨ ਅਮਰੀਕਾ ਤੋਂ ਡਿਪੋਰਟੀਆ ਦਾ ਕ੍ਰਿਮੀਨਲ ਰਿਕਾਰਡ ਸਾਹਮਣੇ ਆਇਆ, ਜਿਸ ਤੋਂ ਬਾਅਦ ਪਟਿਆਲਾ ਪੁਲਸ ਨੇ ਉਨ੍ਹਾਂ ਦੋਵਾਂ ਨੂੰ ਆਪਣੀ ਹਿਰਾਸਤ 'ਚ ਲੈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ
ਡਿਪੋਰਟ ਕੀਤੇ ਗਏ ਲੋਕਾਂ ਦੇ ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਨੇ ਖੇਤੀਬਾੜੀ ਵਾਲੀ ਜ਼ਮੀਨ ਅਤੇ ਪਸ਼ੂ ਗਿਰਵੀ ਰੱਖ ਕੇ ਪੈਸੇ ਇਕੱਠੇ ਕੀਤੇ ਸਨ ਤਾਂ ਜੋ ਉਨ੍ਹਾਂ ਨੂੰ ਇੱਕ ਉੱਜਵਲ ਭਵਿੱਖ ਲਈ ਵਿਦੇਸ਼ ਭੇਜਿਆ ਜਾ ਸਕੇ। ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ।
ਅਮਰੀਕਾ 'ਚ 1700 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀ ਹਿਰਾਸਤ 'ਚ
ਟਰੰਪ ਦੇ ਰਾਸ਼ਟਰਪਤੀ ਬਣਦੇ ਹੀ 11 ਦਿਨਾਂ ਦੇ ਅੰਦਰ 25 ਹਜ਼ਾਰ ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਦੇ ਲਈ ਟਰੰਪ ਦੀ ਟੀਮ ਨੇ ਅਮਰੀਕਾ ਦੇ 12 ਰਾਜਾਂ ਵਿੱਚ ਛਾਪੇਮਾਰੀ ਕੀਤੀ ਸੀ। ਜਿਸ ਤੋਂ ਬਾਅਦ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਲੋਕਾਂ ਨੂੰ ਫੜ ਕੇ ਡਿਪੋਰਟ ਕਰ ਭੇਜਿਆ ਜਾ ਰਿਹਾ ਹੈ। ਇਨ੍ਹਾਂ ਵਿੱਚ 1700 ਗੈਰ-ਕਾਨੂੰਨੀ ਪ੍ਰਵਾਸੀ ਭਾਰਤੀ ਵੀ ਸ਼ਾਮਲ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਬਾਰੇ ਕਿਹਾ
ਅਮਰੀਕਾ ਦੌਰੇ 'ਤੇ ਆਏ ਪੀਐਮ ਮੋਦੀ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਮੁੱਦੇ 'ਤੇ ਕਿਹਾ ਕਿ ਜੋ ਲੋਕ ਦੂਜੇ ਦੇਸ਼ਾਂ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿੰਦੇ ਹਨ, ਉਨ੍ਹਾਂ ਨੂੰ ਉੱਥੇ ਰਹਿਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ। ਅਸੀਂ ਹਮੇਸ਼ਾ ਕਿਹਾ ਹੈ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਵਾਪਸ ਲਿਆਉਣ ਲਈ ਤਿਆਰ ਹਾਂ ਜੋ ਭਾਰਤੀ ਨਾਗਰਿਕ ਹਨ ਅਤੇ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਹਨ।