ਚੰਡੀਗੜ੍ਹ 'ਚ ਅੱਜ ਸਵੇਰੇ 8.30 ਵਜੇ ਸੈਕਟਰ 17 ਦੇ ਬੱਸ ਸਟੈਂਡ ਦੇ ਪਿੱਛੇ ਇਕ ਪ੍ਰਾਈਵੇਟ ਕੰਪਨੀ ਦੇ ਟਾਵਰ 'ਤੇ ਚੜ੍ਹੇ ਨੌਜਵਾਨ ਨੂੰ ਪੁਲਸ ਨੇ ਹੇਠਾਂ ਉਤਾਰ ਲਿਆ ਹੈ। ਦੱਸ ਦੇਈਏ ਕਿ ਉਹ ਕਰੀਬ 5 ਘੰਟਿਆਂ ਤੋਂ 50 ਫੁੱਟ ਉੱਚੇ ਟਾਵਰ 'ਤੇ ਬੈਠਾ ਰਿਹਾ।
CM ਮਾਨ ਨਾਲ ਮਿਲਵਾਉਣ ਦੀ ਕੀਤੀ ਸੀ ਮੰਗ
ਚੰਡੀਗੜ੍ਹ ਪੁਲਸ ਨੌਜਵਾਨ ਨੂੰ ਟਾਵਰ ਤੋਂ ਹੇਠਾਂ ਉਤਰਨ ਲਈ ਕਹਿ ਰਹੀ ਸੀ ਪਰ ਨੌਜਵਾਨ ਟਾਵਰ ਤੋਂ ਹੇਠਾਂ ਨਹੀਂ ਆ ਰਿਹਾ ਸੀ। ਨੌਜਵਾਨ ਮੰਗ ਕਰ ਰਿਹਾ ਸੀ ਕਿ ਉਸ ਦੀ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਵਾਈ ਜਾਵੇ। ਉਸ ਤੋਂ ਬਾਅਦ ਹੀ ਉਹ ਟਾਵਰ ਤੋਂ ਹੇਠਾਂ ਉਤਰੇਗਾ।
ਹਰਿਆਣਾ ਦਾ ਰਹਿਣ ਵਾਲਾ ਹੈ ਨੌਜਵਾਨ
ਮੋਬਾਇਲ ਟਾਵਰ 'ਤੇ ਚੜ੍ਹਨ ਵਾਲੇ ਨੌਜਵਾਨ ਦੀ ਪਛਾਣ ਵਿਕਰਮ ਢਿੱਲੋਂ ਵਜੋਂ ਹੋਈ ਹੈ, ਜੋ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਮਾਨਸਾ ਵਿੱਚ ਇਸ ਨੌਜਵਾਨ ਦਾ ਕੋਈ ਜ਼ਮੀਨ ਨਾਲ ਜੁੜਿਆ ਵਿਵਾਦ ਚੱਲ ਰਿਹਾ ਹੈ। ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ ਸੀ। ਫਿਲਹਾਲ ਪੁਲਸ ਨੇ ਉਸ ਨੂੰ ਹੇਠਾਂ ਉਤਾਰ ਲਿਆ ਹੈ ਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।