ਪੰਜਾਬ 'ਚ ਮੁੜ ਮੌਸਮ 'ਚ ਬਦਲਾਅ ਦੇਖਣ ਨੂੰ ਮਿਲੇਗਾ। ਜਿੱਥੇ ਇੱਕ ਪਾਸੇ ਗਰਮੀ ਵੱਧ ਰਹੀ ਹੈ, ਉੱਥੇ ਦੂਜੇ ਪਾਸੇ ਮੌਸਮ ਵਿਭਾਗ ਨੇ ਅੱਜ ਹਨੇਰੀ ਅਤੇ ਤੂਫਾਨ ਦਾ ਯੈੱਲੋ ਅਲਰਟ ਜਾਰੀ ਕੀਤਾ ਹੈ। ਦੱਸ ਦੇਈਏ ਕਿ ਰਾਜ 'ਚ ਵੱਧ ਤੋਂ ਵੱਧ ਤਾਪਮਾਨ ਔਸਤਨ 0.9 ਡਿਗਰੀ ਸੈਲਸੀਅਸ ਵਧਿਆ, ਜੋ ਕਿ ਆਮ ਨਾਲੋਂ 5.8 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ। ਇਸ ਸਮੇਂ ਬਠਿੰਡਾ 'ਚ ਸਭ ਤੋਂ ਵੱਧ ਤਾਪਮਾਨ 36.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਇਸ ਸੀਜ਼ਨ ਲਈ ਬਹੁਤ ਉੱਚ ਮੰਨਿਆ ਜਾਂਦਾ ਹੈ।
ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ
ਮੌਸਮ ਵਿਭਾਗ ਅਨੁਸਾਰ ਅੱਜ ਵਧਦੀ ਗਰਮੀ ਤੋਂ ਕੁਝ ਰਾਹਤ ਮਿਲੇਗੀ ਅਤੇ ਤਾਪਮਾਨ 'ਚ 2 ਤੋਂ 3 ਡਿਗਰੀ ਦੀ ਗਿਰਾਵਟ ਆਉਣ ਦੀ ਉਮੀਦ ਹੈ। ਰਾਜ ਦੇ ਫਰੀਦਕੋਟ, ਗੁਰਦਾਸਪੁਰ, ਲੁਧਿਆਣਾ, ਪਟਿਆਲਾ ਅਤੇ ਅੰਮ੍ਰਿਤਸਰ ਵਰਗੇ ਜ਼ਿਲ੍ਹਿਆਂ 'ਚ ਤਾਪਮਾਨ ਆਮ ਨਾਲੋਂ ਬਹੁਤ ਜ਼ਿਆਦਾ ਰਹਿੰਦਾ ਹੈ। ਇਸ ਦੇ ਨਾਲ ਹੀ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ 'ਚ ਮੀਂਹ ਨੂੰ ਲੈ ਕੇ ਯੈੱਲੋ ਅਲਰਟ ਜਾਰੀ ਕੀਤਾ ਹੈ| ਇਸ ਦੇ ਨਾਲ ਹੀ ਇਨ੍ਹਾਂ ਜਿਲ੍ਹਿਆਂ 'ਚ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ।
ਰਾਜਸਥਾਨ 'ਚ ਤਾਪਮਾਨ 41 ਡਿਗਰੀ ਸੈਲਸੀਅਸ ਤੋਂ ਪਾਰ
ਦੇਸ਼ 'ਚ ਸਭ ਤੋਂ ਵੱਧ ਤਾਪਮਾਨ ਰਾਜਸਥਾਨ ਵਿੱਚ ਦਰਜ ਕੀਤਾ ਗਿਆ ਜਿੱਥੇ ਤਾਪਮਾਨ 41 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਇੱਥੇ ਗਰਮ ਤੇਜ਼ ਹਵਾਵਾਂ ਲਈ ਅਲਰਟ ਵੀ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ, ਜੰਮੂ-ਕਸ਼ਮੀਰ ਵਿੱਚ ਇਸਦੇ ਉਲਟ ਦੇਖਿਆ ਗਿਆ ਜਿੱਥੇ ਭਾਰੀ ਮੀਂਹ ਦੇ ਨਾਲ-ਨਾਲ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ।