ਇਟਲੀ ਦੇ ਉੱਤਰੀ ਵੇਰੋਨਾ ਸੂਬੇ ਵਿੱਚ 33 ਭਾਰਤੀਆਂ ਨੂੰ ਬੰਧੂਆ ਮਜ਼ਦੂਰੀ ਤੋਂ ਮੁਕਤ ਕਰਵਾਇਆ ਗਿਆ। ਸਥਾਨਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਮੁਕਤ ਕਰਵਾਇਆ। 33 ਭਾਰਤੀਆਂ ਵਿੱਚੋਂ ਜ਼ਿਆਦਾਤਰ ਪੰਜਾਬ ਦੇ ਹਨ। ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ ਅਤੇ ਉਹ ਵੀ ਪੰਜਾਬ ਦੇ ਹੀ ਹਨ।
5.45 ਲੱਖ ਯੂਰੋ ਵੀ ਜ਼ਬਤ
ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਦੋਵਾਂ ਮੁਲਜ਼ਮਾਂ ਕੋਲੋਂ 5.45 ਲੱਖ (496.44 ਲੱਖ ਰੁਪਏ) ਯੂਰੋ ਵੀ ਬਰਾਮਦ ਕੀਤੇ ਹਨ। ਇਸ ਮਾਮਲੇ ਦੀ ਜਾਂਚ ਜੂਨ ਮਹੀਨੇ ਤੋਂ ਸ਼ੁਰੂ ਹੋਈ ਸੀ। ਇਟਲੀ ਵਿੱਚ ਬੰਧੂਆ ਮਜ਼ਦੂਰੀ ਦਾ ਮਾਮਲਾ ਜੂਨ ਵਿੱਚ ਇੱਕ ਪੰਜਾਬੀ ਨੌਜਵਾਨ ਸਤਨਾਮ ਸਿੰਘ ਦੀ ਮਸ਼ੀਨ ਨਾਲ ਹੱਥ ਵੱਢਣ ਕਾਰਨ ਮੌਤ ਤੋਂ ਬਾਅਦ ਸਾਹਮਣੇ ਆਇਆ ਸੀ।
ਮਾਮਲਾ ਪੰਜਾਬੀ ਨੌਜਵਾਨ ਦੀ ਮੌਤ ਤੋਂ ਬਾਅਦ ਸਾਹਮਣੇ ਆਇਆ
ਜਿਸ ਵਿੱਚ ਫਲਾਂ ਨੂੰ ਤੋੜਨ ਵਾਲੇ ਪੰਜਾਬੀ ਸਤਨਾਮ ਸਿੰਘ ਦੀ ਮਸ਼ੀਨ ਨਾਲ ਹੱਥ ਕੱਟਣ ਨਾਲ ਮੌਤ ਹੋ ਗਈ। ਰੋਮ ਨੇੜੇ ਲਾਜ਼ੀਓ ਵਿੱਚ ਸਟ੍ਰਾਬੇਰੀ ਰੈਪਿੰਗ ਮਸ਼ੀਨ ਦੀ ਲਪੇਟ ਵਿਚ ਆਉਣ ਕਾਰਣ ਸਤਨਾਮ ਦਾ ਹੱਥ ਕੱਟਿਆ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਇਹ ਮਾਮਲਾ ਸੁਰਖੀਆਂ ਵਿੱਚ ਆਇਆ।
ਸੀਜਨਲ ਵਰਕ ਪਰਮਿਟ 'ਤੇ ਇਟਲੀ ਲਿਜਾਇਆ ਜਾਂਦਾ ਸੀ
ਰਿਪੋਰਟ ਅਨੁਸਾਰ ਪੁਲਸ ਨੇ ਦੱਸਿਆ ਕਿ ਗਰੋਹ ਦੇ ਸਰਗਨਾ, ਜੋ ਕਿ ਭਾਰਤ ਤੋਂ ਵੀ ਸਨ, ਸੀਜਨਲ ਵਰਕ ਪਰਮਿਟ 'ਤੇ ਸਾਥੀ ਨਾਗਰਿਕਾਂ ਨੂੰ ਇਟਲੀ ਲਿਆਉਂਦੇ ਸਨ। ਹਰੇਕ ਬੰਧੂਆ ਮਜ਼ਦੂਰ ਨੂੰ 17,000 ਯੂਰੋ ਪ੍ਰਤੀ ਮਹੀਨਾ ਦੀ ਅਦਾਇਗੀ ਅਤੇ ਬਿਹਤਰ ਭਵਿੱਖ ਦੇ ਵਾਅਦੇ ਨਾਲ ਲਿਆਂਦਾ ਜਾਂਦਾ ਸੀ ਪਰ ਇੱਥੇ ਪਹੁੰਚਦਿਆਂ ਹੀ ਹਾਲਾਤ ਬਦਲ ਜਾਂਦੇ ਸਨ।
10-12 ਘੰਟੇ ਕੰਮ ਕਰਵਾਇਆ ਜਾਂਦਾ ਸੀ
ਪੁਲਿਸ ਰਿਪੋਰਟ ਅਨੁਸਾਰ ਭਾਰਤੀਆਂ ਨੂੰ ਖੇਤਾਂ ਵਿੱਚ ਕੰਮ ਦਿੱਤਾ ਗਿਆ ਸੀ। ਕੰਮ ਹਫ਼ਤੇ ਦੇ ਸੱਤੇ ਦਿਨ ਅਤੇ 10-12 ਘੰਟੇ ਪ੍ਰਤੀ ਦਿਨ ਹੁੰਦਾ ਸੀ। 4 ਯੂਰੋ ਪ੍ਰਤੀ ਘੰਟੇ ਦਾ ਭੁਗਤਾਨ ਕੀਤਾ ਜਾਂਦਾ ਸੀ। ਉਦੋਂ ਤੱਕ ਬੰਧੂਆ ਮਜ਼ਦੂਰੀ ਕਰਵਾਈ ਜਾਂਦੀ ਸੀ ਜਦੋਂ ਤੱਕ ਉਹ ਆਪਣੇ ਕਰਜ਼ੇ ਦੀ ਅਦਾਇਗੀ ਨਹੀਂ ਕਰ ਦਿੰਦੇ।
ਸਥਾਈ ਵਰਕ ਪਰਮਿਟ ਲਈ ਵਾਧੂ 13 ਹਜ਼ਾਰ ਯੂਰੋ
ਪੁਲਸ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੁਝ ਲੋਕਾਂ ਨੂੰ ਸਥਾਈ ਵਰਕ ਪਰਮਿਟ ਦੇਣ ਦਾ ਵਾਅਦਾ ਕੀਤਾ ਜਾਂਦਾ ਸੀ। ਇਸ ਲਈ 13,000 ਯੂਰੋ ਵਾਧੂ ਲਏ ਜਾਂਦੇ ਸਨ। ਪੂਰੀ ਰਕਮ ਦਾ ਭੁਗਤਾਨ ਹੋਣ ਤੱਕ ਮੁਫਤ ਕੰਮ ਕਰਵਾਇਆ ਜਾਂਦਾ ਸੀ। ਪੁਲਸ ਨੇ ਦੱਸਿਆ ਕਿ ਇਸ ਦੋਸ਼ 'ਚ ਦੋਸ਼ੀ ਖਿਲਾਫ ਮਜ਼ਦੂਰਾਂ ਦੇ ਸ਼ੋਸ਼ਣ ਸੰਬੰਧੀ ਮਾਮਲਾ ਦਰਜ ਕੀਤਾ ਜਾਵੇਗਾ। ਜਦੋਂ ਕਿ ਪੀੜਤਾਂ ਨੂੰ ਕੰਮ ਦੇ ਮੌਕੇ ਅਤੇ ਕਾਨੂੰਨੀ ਰਿਹਾਇਸ਼ੀ ਕਾਗਜ਼ਾਤ ਦੀ ਪੇਸ਼ਕਸ਼ ਕੀਤੀ ਜਾਵੇਗੀ।