ਪਾਕਿਸਤਾਨ ਦੀ ਰਾਜਧਾਨੀ ਲਾਹੌਰ ਵਿੱਚ ਪੁਲਿਸ ਦੀ ਵਰਦੀ ਵਿੱਚ ਆਏ ਲੁਟੇਰਿਆਂ ਨੇ ਇੱਕ ਭਾਰਤੀ ਸਿੱਖ ਪਰਿਵਾਰ ਨੂੰ ਲੁੱਟ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਵੀਰਵਾਰ ਨੂੰ ਦੱਸਿਆ ਕਿ ਕੰਵਲ ਜੀਤ ਸਿੰਘ ਤੇ ਉਸਦੇ ਪਰਿਵਾਰਕ ਮੈਂਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਮਨਾਏ ਜਾ ਰਹੇ ਸਮਾਗਮਾਂ 'ਚ ਹਿੱਸਾ ਲੈਣ ਲਈ ਭਾਰਤ ਤੋਂ ਲਾਹੌਰ ਆਏ ਹੋਏ ਸਨ।
ਬਾਜ਼ਾਰ 'ਚ ਖਰੀਦਦਾਰੀ ਕਰ ਰਿਹਾ ਸੀ ਪਰਿਵਾਰ
ਪੁਲਿਸ ਬੁਲਾਰੇ ਅਹਿਤਸ਼ਾਮ ਹੈਦਰ ਨੇ ਦੱਸਿਆ ਕਿ ਕੰਵਲਜੀਤ ਸਿੰਘ, ਜੋ ਕਿ ਭਾਰਤ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ 'ਚ ਸ਼ਾਮਲ ਹੋਣ ਲਈ ਇੱਥੇ ਪਹੁੰਚੇ ਸਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਬੁੱਧਵਾਰ ਨੂੰ ਗੁਲਬਰਗ ਇਲਾਕੇ ਦੀ ਲਿਬਰਟੀ ਮਾਰਕੀਟ 'ਚ ਖਰੀਦਦਾਰੀ ਲਈ ਗਏ ਹੋਏ ਸਨ। ਜਿੱਥੇ ਪੁਲਿਸ ਦੀ ਵਰਦੀ ਪਾਏ ਦੋ ਲੁਟੇਰਿਆਂ ਨੇ ਸਿੱਖ ਪਰਿਵਾਰ ਨੂੰ ਰੋਕ ਲਿਆ ਤੇ ਬੰਦੂਕ ਦੀ ਨੋਕ 'ਤੇ 250,000 ਭਾਰਤੀ ਰੁਪਏ, 150,000 ਪਾਕਿਸਤਾਨੀ ਰੁਪਏ ਤੇ ਗਹਿਣੇ ਲੁੱਟ ਲਏ। ਘਟਨਾ ਤੋਂ ਬਾਅਦ ਉਥੇ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ ਅਤੇ ਉਹ ਸਿੱਖ ਪਰਿਵਾਰ ਸਮੇਤ ਸਥਾਨਕ ਪੁਲਿਸ ਸਟੇਸ਼ਨ ਪਹੁੰਚੇ। ਜਿਸ ਤੋਂ ਬਾਅਦ ਸਥਾਨਕ ਥਾਣਾ ਇੰਚਾਰਜ ਨੇ ਆਪਣੇ ਸੀਨੀਅਰ ਅਧਿਕਾਰੀ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ।
ਲੁਟੇਰਿਆਂ ਨੂੰ ਗ੍ਰਿਫਤਾਰ ਕਰਕੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ
ਹੈਦਰ ਨੇ ਦੱਸਿਆ ਕਿ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਰੈਂਕ ਦੇ ਇੱਕ ਅਧਿਕਾਰੀ ਨੇ ਭਾਰਤੀ ਸਿੱਖ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ। ਨਾਲ ਹੀ ਭਰੋਸਾ ਦਿਵਾਇਆ ਕਿ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।
ਜਿਸ ਤੋਂ ਬਾਅਦ ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਵੀ ਸਿੱਖ ਪਰਿਵਾਰ ਨਾਲ ਹੋਈ ਲੁੱਟ ਦੀ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਲਾਹੌਰ ਪੁਲਿਸ ਮੁਖੀ ਨੂੰ ਤੁਰੰਤ ਰਿਪੋਰਟ ਦੇਣ ਲਈ ਕਿਹਾ ਹੈ।
ਗ੍ਰਿਫਤਾਰੀ ਦੇ ਨਿਰਦੇਸ਼ ਕੀਤੇ ਜਾਰੀ
ਇਸ ਦੇ ਨਾਲ ਹੀ ਨਕਵੀ ਨੇ ਸੀਸੀਟੀਵੀ ਫੁਟੇਜ ਰਾਹੀਂ ਚੋਰੀ ਵਿੱਚ ਸ਼ਾਮਲ ਲੋਕਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਗੁਲਬਰਗ ਵਰਗੇ ਇਲਾਕੇ 'ਚ ਸਿੱਖ ਪਰਿਵਾਰ ਦੀ ਲੁੱਟ ਦੀ ਘਟਨਾ ਨੂੰ ਸੁਰੱਖਿਆ 'ਚ ਗੰਭੀਰ ਕਮੀ ਦੱਸਦਿਆਂ ਦੋਸ਼ੀਆਂ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਸਜ਼ਾ ਦਿਵਾਉਣ ਦੀ ਮੰਗ ਕੀਤੀ।